Thursday, December 24, 2009

ਇਹ ਅਕਲਾਂ ਦੇ ਝਗੜੇ -ਹਰਦੇਵ ਗਰੇਵਾਲ

ਨਜ਼ਮ   -ਹਰਦੇਵ ਗਰੇਵਾਲ


ਇਹ ਅਕਲਾਂ ਦੇ ਝਗੜੇ, ਇਹ ਸਮਝਾਂ ਦੇ ਝੇੜੇ
ਇਹ ਵਾਦਾਂ ਵਿਵਾਦਾਂ ਦੀ ਹਰਦਮ ਤਿਆਰੀ
ਤਨਾਅ ਦੇ ਸਮਾਨਾਂ ਨੂੰ ਗਲ਼ ਨਾਲੋਂ ਲਾਹ ਕੇ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ

ਉਹ ਬਾਬੇ ਮਤਾਬੇ ਦੇ ਕਿੱਸੇ ਤੇ ਬਾਤਾਂ
ਨਾ ਬੋਝਲ਼ ਸੀ ਦਿਨ, ਨਾ ਹੀ ਸਹਿਮੀਆਂ ਰਾਤਾਂ
ਉਹ ਰੂੰਘੇ ਦੇ ਲਾਲਚ ਲਈ ਹੱਟੀ ਤੇ ਫੇਰੀ
ਬੜੀ ਯਾਦ ਆਵੇ ਉਹ ਕੈਲੇ ਕੀ ਬੇਰੀ
ਉਹ ਕਰਮੇ ਕੇ ਸਾਂਝੀ ਦੇ ਪਿਆਰੇ ਜਿਹੇ ਸੁਪਨੇ
ਨਾ ਜੈਲੇ ਕੇ ਬੋਤੇ ਦੀ ਭੁੱਲਦੀ ਸਵਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ.....

ਉਹ ਬੰਤੇ ਕੇ ਖੱਤੇ 'ਚੋਂ ਗੰਨੇ ਚੁਰਾਉਣਾ
ਉਹ ਬੋਬੀ ਦੀ ਭੱਠੀ 'ਤੋਂ ਦਾਣੇ ਭੁਨਾਉਣਾ
ਉਹ ਭਗਵਾਨੇ ਅਮਲੀ ਨੂੰ ਹਰ ਪਲ ਚਿੜਾਉਣਾ
ਪਿੰਡੋਂ ਬਾਹਰ ਕੱਸੀ 'ਤੇ ਮੱਝਾਂ ਨਹਾਉਣਾਂ
ਬਰੋਟੇ ਦੀ ਠੰਡੀ ਜਿਹੀ ਛਾਂ ਨਾ ਭੁੱਲਦੀ
ਨਾ ਭੁੱਲਦੀ ਮਟੀ ਵਾਲੇ ਟੋਭੇ ਦੀ ਤਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ.....

ਇਹ ਭਾਵਾਂ ਨੂੰ ਕੱਜ ਕੇ ਤੇ ਰੀਝਾਂ ਨੂੰ ਡੱਕ ਕੇ
ਸਭ ਉੱਠਦੇ ਉਬਾਲ਼ਾਂ ਨੂੰ ਅੰਦਰ ਹੀ ਦੱਬ ਕੇ
ਇਹ ਰੀਤਾਂ ਦੇ ਬੰਧਨ ਰਿਵਾਜਾਂ ਦੀ ਫਾਹੀ
ਜੋ ਪਲ ਪਲ ਕਸੇ, ਜਿਹੜੀ ਜਾਵੇ ਨਾ ਲਾਹੀ
ਇਹ ਧਰਮਾਂ ਤੇ ਜ਼ਾਤਾਂ ਤਲੇ ਕੁਚਲੀ ਜ਼ਿੰਦਗੀ
ਹੈ ਬਚਪਨ ਦੇ ਦੋ ਪਲ ਦੇ ਉੱਤੋਂ ਦੀ ਵਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ...
..................