Wednesday, February 24, 2010

ਦਿਲ ਦੇ ਪਲੰਘ ਉੱਤੋਂ -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ  -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ ਡਿੱਗੇ ਸੋਹਣੇ ਸੱਜਣਾਂ ਦੇ,
ਧੋਖਾ ਦੇ ਦਿੱਤਾ ਉਹਦੀ ਛਿੱਜੀ ਹੋਈ ਨਵਾਰ ਨੇ।

ਹੁੱਬ ਕੇ ਸੁਆਲ ਪਾ ਬੈਠੇ ਸੋਹਣੇ ਸੱਜਣਾਂ ਨੂੰ,
ਖੂੰਜੇ ਲਾ ਕੇ ਰੱਖ ਦਿਤਾ ਸਿੱਧੇ ਇਨਕਾਰ ਨੇ।

ਕਾਸਾ ਫੜ ਫੁੱਲਾਂ ਤਾਂਈ ਮੰਗਿਆ ਪਿਆਰਾਂ ਤੋਂ,
ਖਾਲੀ ਵੀ ਨਾ ਮੋੜੇ, ਉਹਨੇ ਪਾ ਦਿੱਤੇ ਖ਼ਾਰ ਨੇ।

ਸੂਲ਼ਾਂ ਤੋਂ ਵੀ ਤਿੱਖੇ ਉਹਦੇ ਆਖੇ ਹੋਏ ਬੋਲ ਜੋ,
ਦਿਲ ਵਿੱਚ ਖੁਭੇ, ਛੇਕ ਕਰ ਗਏ ਹਜ਼ਾਰ ਨੇ।

ਝੋਲੀ ਪਾ ਸਾਂ ਨੱਠੇ ਲੈ ਕੇ ਸੱਧਰਾਂ ਦੇ ਬੰਟਿਆਂ ਨੂੰ,
ਠੇਡਾ ਖਾ ਕੇ ਡਿੱਗੇ ਮੂਧੇ ਮੂੰਹ ਲਏ ਖਿਲਾਰ ਨੇ।

ਫੱਟ ਲਾ ਕੇ ਆਖਦੇ ਨੇ ਸੀ ਵੀ ਨਹੀਂ ਆਖਣੀ,
ਕਿਥੇ ਜਾ ਕੇ ਕੱਢੀਏ ਜੋ ਦਿਲਾਂ ਦੇ ਗੁਬਾਰ ਨੇ।

ਸੁੱਖ, ਚੈਨ, ਸੱਧਰਾਂ ਤੇ ਨੀਂਦਰਾਂ ਗੁਆ ਲਈਆਂ,
ਪੱਲੇ ਨਹੀਓਂ ਪਾਇਆ ਕੁਝ ਦਿਲਾਂ ਦੇ ਵਪਾਰ ਨੇ।

ਆਸਾਂ ਦੇ ਮਿਰਗ ਵਾਹੋ-ਦਾਹੀ ਭੱਜੇ ਪਾਣੀਆਂ ਨੂੰ,
ਇੱਕ-ਇੱਕ ਕਰ ਉਹਨਾਂ ਮਾਰ ਲਏ ਸ਼ਿਕਾਰ ਨੇ।

ਤੁਰਿਆ ਜਦੋਂ ਵੀ ਪੱਲੇ ਬੰਨ੍ਹ ਰੁਸਵਾਈਆਂ ਨੂੰ,
ਰੋਕ ਲਿਆ ਉਹਦੀ ਨਿੱਕੀ ਜਿਹੀ ਪੁਚਕਾਰ ਨੇ।

ਛੁਰਾ ਮਾਰ ਹਿੱਕ ਉੱਤੇ ਹੱਥ ਫੇਰ ਜੋੜ ਲਏ,
ਮਾਰ ਲਏ ਕਾਤਿਲਾ ਉਏ ਤੇਰੇ ਸਤਿਕਾਰ ਨੇ।

ਛੱਡਿਆ ਜਹਾਨ ਦਾ ਸੁਆਲ ਨਾ ਕੋਈ ਹੱਲ ਤੋਂ,
ਚੱਕਰਾਂ 'ਚ ਪਾਇਆ ਸਾਨੂੰ ਤੇਰੇ ਕਿਰਦਾਰ ਨੇ।

ਮਰਿਆ ਨਾ ਜਿਹੜਾ ਸੈਮਸਨ ਵੱਡੇ ਯੋਧਿਆਂ ਤੋਂ,
ਮਾਰਿਆ ਪਿਆਰ ਉੱਤੇ ਕੀਤੇ ਇਤਬਾਰ ਨੇ।

ਹਿੱਕ ਉੱਤੇ ਫੁੱਲਾਂ ਵਾਲ਼ੇ ਹਾਰਾਂ ਦੀ ਵੀ ਥੋੜ ਨਾ,
ਪਿੱਠ ਟੋਹ ਕੇ ਵੇਖ ਲੱਗੇ ਫੱਟ ਵੀ ਹਜ਼ਾਰ ਨੇ।

ਬੰਨ੍ਹਣੇ ਨੀ ਆਏ ਹਾਲੇ ਤੀਕ 'ਹਰਦੇਵ' ਨੂੰ,
ਮੂੰਹ-ਜ਼ੋਰ ਘੋੜਿਆਂ ਜਿਹੇ ਅੱਥਰੇ ਵਿਚਾਰ ਨੇ।

*******

ਗੋਹਾ ਚੁੱਕਦੀ ਕੁੜੀ -ਸੁਖਦੀਪ ਕੌਰ ਥਿੰਦ

ਗੋਹਾ ਚੁੱਕਦੀ ਕੁੜੀ   -ਸੁਖਦੀਪ ਕੌਰ ਥਿੰਦ


ਕੁੱਕੜ ਬਾਂਗੇ ਉੱਠੀ ਨੂਰੀ,
ਘਰ ਦਾ ਕੰਮ ਨਿਪਟਾਵੇ।

ਦੋ ਘਰ ਪੋਚੇ-ਭਾਂਡੇ ਕਰਕੇ,
ਗੋਹਾ ਚੁੱਕਣ ਜਾਵੇ।

ਗੋਹਾ ਚੁੱਕ-ਚੁੱਕ ਥੱਕ ਗਈ ਨੂਰੀ,
ਬਹਿ ਗਈ ਜਾ ਕੇ ਛਾਂਵੇਂ।

ਚੋਅ-ਚੋਅ ਪੈਂਦਾ ਰੰਗ ਗੁਲਾਬੀ,
ਫੁੱਲ ਵਾਂਗੂੰ ਕੁਮਲਾਵੇ।

ਮੁੜਕੇ ਵਿੱਚ ਰਲ਼ ਮੈਲ਼ ਮੱਥੇ 'ਤੋਂ,
ਹੇਠਾਂ ਵੱਲ ਨੂੰ ਆਵੇ।

ਮਿਰਗਾਂ ਵਰਗੀ ਤੱਕਣੀ ਉਹਦੀ,
ਨੀਵੀਂ ਪਾ ਸ਼ਰਮਾਵੇ।

ਬੁਲ੍ਹਾਂ ਉੱਤੇ ਆਈ ਸਿੱਕਰੀ,
ਜੀਭ ਫੇਰ ਚਮਕਾਵੇ।

ਥੋੜ੍ਹੀ ਜਿਹੀ ਛਾਂ ਦੇਖ ਕੇ ਦੂਰੋਂ,
ਰੁੱਖ ਵੱਲ ਭੱਜੀ ਆਵੇ।

ਬਹਿ ਗਈ ਪੰਧੀ ਉੱਤੇ ਆ ਕੇ,
ਬੈਠ ਥਕੇਵਾਂ ਲਾਹਵੇ।

ਪਿਛੇ ਬੁਢੀ ਮਾਂ ਉਡੀਕੇ,
ਕਦ ਨੂਰੀ ਘਰ ਆਵੇ।

ਭੁੱਖਿਆਂ ਢਿੱਡ ਵਿੱਚ ਖੋਹ ਪਈ ਪੈਂਦੀ,
ਰੋਟੀ ਆ ਖੁਆਵੇ।

ਕੋਮਲ ਹੱਥ ਬਿਆਈਆਂ ਪਾਟੇ,
ਗੋਹਾ ਪੱਥ ਸੁਕਾਵੇ।

ਢਿੱਡੋਂ ਭੁੱਖੀ ਗੋਹਾ ਚੁੱਕਦੀ,
ਰਾਸ਼ਨ ਕਿੱਥੋਂ ਲਿਆਵੇ।

ਭਰ ਟੋਕਰੀ ਵੇਚ ਪਾਥੀਆਂ,
ਆਟਾ ਦਾਲ਼ ਲਿਆਵੇ।

ਚਾਰ ਰੋਟੀਆਂ ਸੇਕ ਚੁਲ੍ਹੇ 'ਤੇ,
ਮਾਂ ਦੇ ਢਿਡ ਵਿੱਚ ਪਾਵੇ।

ਦਾਲ਼ ਅਚਾਰ ਨਾਲ਼ ਖਾ ਕੇ ਫੁਲਕਾ,
ਰੱਬ ਦਾ ਸ਼ੁਕਰ ਮਨਾਵੇ।

********

ਰਾਜਨੀਤੀ ਦੇ ਨੁਸਖੇ -ਸੁਖਿੰਦਰ

ਰਾਜਨੀਤੀ ਦੇ ਨੁਸਖੇ    -ਸੁਖਿੰਦਰ


ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ-

ਘਰ ਦੇ ਕਿਸੀ ਕੋਨੇ ਵਿੱਚ
ਡੂੰਘਾ ਟੋਹਾ ਪੁੱਟ ਕੇ, ਕਹੋ :
ਇਸ ਜਗ੍ਹਾ ਤੋਂ ਕਿਸੀ
ਦੇਵਤੇ ਦੇ ਨਿਸ਼ਾਨ ਮਿਲੇ ਹਨ

70 ਕਰੋੜ ਦੇਵਤਿਆਂ ਵਿੱਚੋਂ
ਕਿਸੇ ਇੱਕ ਦੇਵਤੇ ਦਾ ਨਾਮ ਤਾਂ
ਤੁਹਾਡਾ ਕੰਮ ਸਾਰ ਹੀ ਦੇਵੇਗਾ

ਇਸ ਨਾਲ ਵੀ ਜੇਕਰ
ਤੁਹਾਡਾ ਕੰਮ ਬਣਦਾ ਨਾ ਦਿਸੇ
ਤਾਂ ਤੁਸੀਂ, ਸ਼ਹਿਰ ਦੇ
ਕਿਸੇ ਵੀ, ਚਰਚਿਤ ਮੰਦਰ, ਮਸਜਿਦ
ਗਿਰਜੇ ਜਾਂ ਗੁਰਦੁਆਰੇ ਦੀ
ਚਾਰਦੀਵਾਰੀ ਲਾਗੇ, ਇੱਕ
ਡੂੰਘਾ ਟੋਇਆ ਪੁੱਟ ਕੇ
ਕਿਸੀ ਅਜਿਹੇ ਦੇਵਤੇ ਦੇ
ਪ੍ਰਗਟ ਹੋਣ ਦਾ
ਐਲਾਨ ਕਰ ਦਿਓ-
ਜੋ, ਉਸ ਧਾਰਮਿਕ ਅਸਥਾਨ ਨੂੰ
ਮੰਨਣ ਵਾਲੇ ਲੋਕਾਂ ਦੇ
ਵਿਸ਼ਵਾਸ਼ ਤੋਂ ਉਲਟ
ਵਿਸ਼ਵਾਸ਼ ਰੱਖਣ ਵਾਲੇ
ਲੋਕਾਂ ਦਾ ਦੇਵਤਾ ਹੋਵੇ

ਮਸਲਨ: ਸੂਰ ਖਾਣ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਗਾਂ ਖਾਣ ਵਾਲਾ ਦੇਵਤਾ
ਉਤਪੰਨ ਕਰ ਦਿਓ;
ਗਾਂ ਖਾਣ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਸੂਰ ਖਾਣ ਵਾਲਾ ਦੇਵਤਾ
ਉਤਪੰਨ ਕਰ ਦਿਓ

ਮਸਲਨ: ਤੰਬਾਕੂ ਨੂੰ ਨਫਰਤ ਕਰਨ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਸਿਗਰਟਾਂ ਪੀਣ ਵਾਲਾ ਦੇਵਤਾ
ਉਤਪੰਨ ਕਰ ਦਿਓ;
ਸਮਲਿੰਗਤਾ ਦਾ ਵਿਰੋਧ ਕਰਨ ਵਾਲਿਆਂ ਦੇ
ਧਾਰਮਿਕ ਸਥਾਨ ਨੇੜੇ
ਸਮਲਿੰਗੀ ਭੋਗ ਕਰ ਰਿਹਾ ਦੇਵਤਾ
ਉਤਪੰਨ ਕਰ ਦਿਓ

ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ-

ਅਸੀਂ, ਪੜ੍ਹੇ ਲਿਖੇ, ਅਣਪੜ੍ਹ
ਹੋਣ ਦਾ ਸਬੂਤ ਦੇਣ ਲਈ
ਹਰ ਪਲ, ਤਿਆਰ
ਬੈਠੇ ਹੁੰਦੇ ਹਾਂ

ਮਕਾਰ ਰਾਜਨੀਤੀਵਾਨ
ਸਾਡੀਆਂ ਭਾਵਨਾਵਾਂ ਦੀ ਨਬਜ਼ ਨੂੰ
ਬੜੀ ਚੰਗੀ ਤਰ੍ਹਾਂ ਸਮਝਦੇ ਹਨ
ਉਹ, ਮੌਕਾ ਦੇਖਦਿਆਂ ਹੀ
ਧਾਰਮਿਕ ਭਾਵਨਾਵਾਂ ਨੂੰ
ਭੜਕਾਉਣ ਵਾਲਾ ਪੱਤਾ
ਸੁੱਟਦੇ ਹਨ

ਅਤੇ ਅਸੀਂ-
ਧਾਰਮਿਕ ਜਨੂੰਨ ਨਾਲ ਅੰਨ੍ਹੇ ਹੋਏ
ਤੁਰ ਪੈਂਦੇ ਹਾਂ, ਕਾਫਲੇ ਬਣਾ ਬਣਾ
ਡਾਂਗਾਂ, ਸਰੀਏ, ਬਰਛੇ, ਤਲਵਾਰਾਂ, ਬੰਦੂਕਾਂ
ਹੱਥਾਂ 'ਚ ਫੜ੍ਹ
'ਅੱਲ੍ਹਾ-ਹੂ-ਅਕਬਰ'
'ਬੋਲੇ-ਸੋ-ਨਿਹਾਲ'
'ਜੈ ਬਜਰੰਗ ਬਲੀ'
'ਜੀਸਸ ਕਰਾਈਸਟ'
ਕੰਨ ਪਾੜਵੇਂ ਨਾਹਰੇ ਗੂੰਜਾਂਦੇ ਹੋਏ

ਸਾਡੇ ਅੰਦਰ ਪ੍ਰਵੇਸ਼ ਕਰ ਗਿਆ
ਭੂਸਰਿਆ ਹੋਇਆ ਸਾਨ੍ਹ
ਨੱਕ 'ਚੋਂ ਠੂੰਹੇਂ ਡੇਗਦਾ ਹੋਇਆ
ਗਲੀਆਂ, ਬਾਜ਼ਾਰਾਂ, ਚੌਰਸਤਿਆਂ ਵਿੱਚ
ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ
ਸ਼ਾਪਿੰਗ ਪਲਾਜ਼ਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਨੂੰ
ਅਗਨ ਭੇਟ ਕਰਦਾ ਜਾਂਦਾ ਹੈ

ਅਜਿਹੀ ਗੰਦੀ ਰਾਜਨੀਤੀ ਦੀ
ਭੇਟ ਚੜ੍ਹ ਗਏ
ਪੁੱਤਾਂ ਨੂੰ ਉਡੀਕਦੀਆਂ ਮਾਵਾਂ
ਜ਼ਾਰੋ ਜ਼ਾਰ ਰੋਂਦੀਆਂ ਨੇ
ਸਦਾ ਲਈ ਤੁਰ ਗਏ ਭਰਾਵਾਂ ਨੂੰ
ਯਾਦ ਕਰ ਕਰ
ਭੈਣਾਂ ਵਿਲਕਦੀਆਂ ਨੇ

ਹਜ਼ਾਰ ਵਾਰ ਕੋਸਦੀਆਂ ਨੇ
ਉਹ, ਰਾਜਨੀਤੀ ਦੇ ਉਨ੍ਹਾਂ
ਕਲਮੂੰਹੇਂ ਚਾਣਕੀਆ ਰੂਪੀ
ਬਾਂਦਰਾਂ ਨੂੰ-
ਜੋ ਆਪਣੀਆਂ ਕੁਰਸੀਆਂ ਦੀ
ਦੌੜ 'ਚ ਮਸਤ ਹੋਏ
ਲੋਕਾਂ ਦੇ ਹੱਸਦੇ ਵੱਸਦੇ
ਘਰ ਉਜਾੜ ਦਿੰਦੇ ਹਨ
'ਧਰਮ ਖਤਰੇ ਵਿੱਚ ਹੈ'
ਪਟਰੋਲ ਬੰਬ ਦਾ
ਲੋਕਾਂ ਦੀ ਚੇਤਨਾ ਵਿੱਚ
ਵਿਸਫੋਟ ਕਰਕੇ

ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ

ਸਾਡਾ ਸਮਾਂ
ਪੜ੍ਹੇ ਲਿਖੇ, ਅਣਪੜ੍ਹਾਂ ਦਾ
...........

Tuesday, February 23, 2010

ਨਵਾਂ ਵਰ੍ਹਾ: ਲਾ-ਪਤਾ -ਰਵਿੰਦਰ ਰਵੀ

ਨਵਾਂ ਵਰ੍ਹਾ: ਲਾ-ਪਤਾ   -ਰਵਿੰਦਰ ਰਵੀ

ਕੰਨ ਖੜ੍ਹੇ ਹੋ ਜਾਂਦੇ ਹਨ
ਤੀਬਰ ਅਹਿਸਾਸ ਹੇਠ
ਨੀਝ ਲਾਇਆਂ ਵੀ ਕੋਈ ਚਿਹਰਾ
ਵਿਖਾਈ ਨਹੀਂ ਦਿੰਦਾ
ਆਵਾਜ਼ ਨਹੀਂ ਸੁਣਦੀ
ਵਰ੍ਹਿਆਂ ਦੀ ਧੂੜ ਹੇਠ
ਮੰਤਵ, ਦਿਸ਼ਾ, ਅਰਥ, ਸਭ
ਦਬ ਜਾਂਦੇ ਹਨ
ਸਮੇਂ ਤੇ ਸਫਰ ਦੀਆਂ ਖਿੱਚਾਂ ਵਿੱਚ
ਚਿਹਰਾ ਤੇ ਨਕਸ਼
ਝੁਰੜੀ, ਝੁਰੜੀ ਹੋਏ
ਫਟ ਜਾਂਦੇ ਹਨ
ਇਕ ਖਲਾਅ ਜਿਹੀ ਵਿਚ
ਮੇਰਾ ਅੰਧਲਾਪਨ
ਆਪਣੇ ਆਪ ਦੇ ਨਾਲ
ਟੱਕਰਾਂ ਮਾਰਦਾ, ਵੇਖਦਾ ਹੈ:
ਪਹਾੜ ਡਿੱਗ ਪਿਆ ਹੈ
ਦਰਿਆ ਰੁੱਕ ਗਿਆ ਹੈ
ਸਾਗਰ ਸੁੱਕ ਗਿਆ ਹੈ
ਅੰਬਰ ਝੁੱਕ ਗਿਆ ਹੈ
ਏਸ ਵਰੇਸੇ ਹੀ ਕਈ ਵਾਰ
ਯਾਦ ਕੀਤਿਆਂ ਵੀ
ਆਪਣਾ ਨਾਮ,
ਪਤਾ ਤੇ ਫੋਨ ਨੰਬਰ
ਯਾਦ ਨਹੀਂ ਆਉਂਦੇ
ਛਿਣ ਦੀ ਛਿਣ, ਬੰਦਾ
ਤੇ ਉਸਦਾ
ਹਰ ਨਵਾਂ ਵਰ੍ਹਾ,
ਹਵਾ ਵਿੱਚ ਹਵਾ ਹੋ ਜਾਂਦਾ ਹੈ!
ਆਪਣੇ ਆਪ ਅੰਦਰ,
ਲਾ-ਪਤਾ ਹੋ,
ਖੜੋ ਜਾਂਦਾ ਹੈ!!!
.........

ਸ਼ੀਸ਼ੇ ਦੀ ਭਾਸ਼ਾ -ਰਵਿੰਦਰ ਰਵੀ

ਸ਼ੀਸ਼ੇ ਦੀ ਭਾਸ਼ਾ  -ਰਵਿੰਦਰ ਰਵੀ

ਸ਼ੀਸ਼ੇ ਦੀ ਭਾਸ਼ਾ ਅਕਸ
ਅਕਸ ਦਾ ਸੋਮਾਂ ਬੁੱਤ
ਆਪਣੇ ਹੀ ਅੰਦਰ ਬੁੱਤ
ਤਣਾਅ ਪ੍ਰਤਿ-ਤਣਾਅ ਵਿਚ
ਟੁੱਟ ਗਿਆ
'ਨ੍ਹੇਰੀ ਆਈ, ਰੇਤ ਵਾਂਗ,
ਬਿਖਰ ਗਿਆ
ਆਪਣੇ ਹੀ ਟੁਕੜੇ
ਇਕੱਠੇ ਕਰਨ ਦੇ
ਯਤਨ ਵਿਚ ਬੁੱਤ
ਸ਼ੀਸ਼ੇ ਵਲ ਪਰਤਿਆ
........................
..........................
ਏਨਾ ਕੁਝ ਬਦਲ ਗਿਆ!!!
......................................
ਪਰ
..........................................
ਅਕਸ ਨਹੀਂ ਬਦਲਿਆ!!!
..............

Monday, February 22, 2010

ਨਿੱਕੀਆਂ ਪੈੜਾਂ -ਸੁਖਦੀਪ ਕੌਰ ਥਿੰਦ

ਨਿੱਕੀਆਂ ਪੈੜਾਂ  -ਸੁਖਦੀਪ ਕੌਰ ਥਿੰਦ


ਨਿੱਕੀਆਂ ਨਿੱਕੀਆਂ ਪੈੜਾਂ ਮਾਏ,
ਵਿਹੜੇ ਤੇਰੇ ਕਰੀਆਂ।

ਪਤਾ ਨਹੀਂ ਕਦ ਰੁੜ੍ਹ ਫਿਸਲਕੇ,
ਲੰਮੀਆਂ ਲਾਂਘਾਂ ਭਰੀਆਂ।

ਫੜ ਕੇ ਕੋਲ਼ ਬਿਠਾਵੇਂ ਮਾਏ,
ਅਸੀਂ ਫੇਰ ਵੀ ਕਰੀਆਂ ਅੜੀਆਂ।

ਬਾਪ ਦੇ ਮੋਢੇ ਮਾਰ ਛੜੱਪਾ,
ਗਲ਼ ਬਾਹਾਂ ਪਾ ਚੜ੍ਹੀਆਂ।

ਵੀਰ ਮੇਰੇ ਦਾ ਬਸਤਾ ਮਾਏ,
ਮੂਹਰੇ ਹੋ ਕੇ ਫੜਿਆਂ।

ਮੈਂ ਡੁੱਬ ਜਾਣੀ ਹਉਕਾ ਲੈ ਕੇ,
ਆਪੇ ਆ ਕੇ ਧਰਿਆ।

ਵੀਰ ਭੈਣ ਵਿੱਚ ਕਰੇਂ ਵਿਤਕਰਾ,
ਮਾੜਾ ਅਸੀਂ ਕੀ ਕਰਿਆ।

ਵੀਰ ਮੇਰੇ ਨੂੰ ਬੁੱਕਲ਼ ਬਿਠਾਵੇਂ,
ਸਾਨੂੰ ਪਾਸੇ ਕਰਿਆ।

ਭਾਲ ਪ੍ਰਾਹੁਣਾ ਤੂੰ ਮਰਜ਼ੀ ਦਾ,
ਵਿਆਹ ਮੇਰਾ ਸੀ ਧਰਿਆ।

ਫੇਰ ਵੀ ਅੰਮੀਏ ਸਬਰ ਕਰ ਲਿਆ,
ਸ਼ਾਹ ਨਹੀਂ ਮੂਹਰੇ ਭਰਿਆ।

ਪੇਕੇ ਘਰ 'ਤੇ ਮਾਣ ਬੜਾ ਸੀ,
ਫੇਰ ਵੀ ਦਿਲ ਨਹੀਂ ਭਰਿਆ।

ਵੀਰ ਪ੍ਰਾਹੁਣਾ ਆਇਆ ਮਾਏ,
ਵਿਹੜਾ ਲੱਗਦਾ ਭਰਿਆ।

ਵਸਣ ਬਾਪ ਦੇ ਮਹਿਲ-ਮੁਨਾਰੇ,
ਅਸੀਂ ਸਜਦਾ ਹਰ ਦਮ ਕਰਿਆ।

…………..

Sunday, February 21, 2010

ਭਾਵਨਾਵਾਂ - ਸੁਖਿੰਦਰ

ਭਾਵਨਾਵਾਂ   - ਸੁਖਿੰਦਰ


ਵਿਸਕੀ ਦਾ ਪਹਿਲਾ ਹੀ ਪੈੱਗ
ਗਲਾਸ ਵਿੱਚ ਪਾਉਂਦਿਆਂ
ਰਾਜਨੀਤੀਵਾਨ ਬੋਲ ਉੱਠਿਆ :
ਲੇਖਕ ਬੜੇ ਹੀ
ਕਮੀਨੇ ਲੋਕ ਹੁੰਦੇ ਹਨ
ਇੱਕ ਦੂਜੇ ਦੀਆਂ ਪਤਨੀਆਂ ਨਾਲ
ਅੱਖ ਮਟੱਕਾ ਕਰੀ ਜਾਣ ਤੋਂ ਬਿਨ੍ਹਾਂ
ਇਨ੍ਹਾਂ ਨੂੰ ਕੁਝ ਹੋਰ
ਕਰਨਾ ਵੀ ਕੀ ਆਉਂਦਾ ਹੈ
ਪਾਰਟੀ ਫੰਡ ਲਈ, ਇਹ
ਕਦੀ ਟੁੱਟੀ ਕੌਡੀ ਵੀ
ਨਹੀਂ ਦੇਣਗੇ, ਨੰਗ ਕਿਤੋਂ ਦੇ-

ਫਿਰ, ਉਸ ਨੇ
ਗਲਾਸ 'ਚ ਦੂਜਾ ਪੈੱਗ ਪਾਇਆ
ਤੀਜਾ ਅਤੇ ਫਿਰ ਚੌਥਾ ਪੈੱਗ ਵੀ
ਗਟਾਗਟ ਪੀ ਜਾਣ ਤੋਂ ਬਾਹਦ
ਪੂਰੇ ਲੋਰ ਵਿੱਚ ਆਉਂਦਿਆਂ
ਉਹ, ਰਾਜਨੀਤਿਕ ਅੰਦਾਜ਼ ਬਣਾਕੇ
ਬੋਲਿਆ:
ਤੁਸੀਂ, ਕਦੀ ਸ਼ਹਿਰ ਦੇ
ਕਿਸੀ ਦੱਲੇ ਜਾਂ
ਡੋਡੇ ਵੇਚਣ ਵਾਲੇ
ਵਿਉਪਾਰੀ ਕੋਲ ਜਾਓ
ਗੁਰਦੁਆਰੇ ਦੀ ਕੋਈ ਸਮੱਸਿਆ ਦੱਸੋ
ਉਹ, ਝੱਟ ਪੱਟ
500 ਡਾਲਰ ਭੇਟ ਕਰ ਦੇਵੇਗਾ;
ਰੰਡੀਆਂ ਦੇ ਕਿਸੀ ਵਿਉਪਾਰੀ ਜਾਂ
ਸਟਰਿਪਟੀਜ਼ ਕਲੱਬ ਦੇ ਮਾਲਕ ਨੂੰ
ਫੋਨ ਕਰਕੇ ਦੱਸੋ ਕਿ
ਸੈਂਟਾ ਕਲਾਜ਼ ਪਰੇਡ ਜਾਂ
ਗੇ ਪਰੇਡ ਲਈ
ਮੱਦਦ ਦੀ ਲੋੜ ਹੈ
ਉਹ, ਬਿਨ੍ਹਾਂ ਕੁਝ ਪੁੱਛੇ
ਹਜ਼ਾਰ ਡਾਲਰ ਭੇਜ ਦੇਵੇਗਾ;
ਅਫੀਮ, ਭੰਗ, ਚਰਸ ਦੇ ਸਮਗਲਰ ਜਾਂ
ਸ਼ਰਾਬ ਦੇ ਠੇਕੇ ਦੇ
ਕਿਸੀ ਮਾਲਕ ਨੂੰ ਕਹੋ
ਜਨਮ ਅਸ਼ਟਮੀ ਦਾ ਤਿਉਹਾਰ ਹੈ
ਮੰਦਿਰ 'ਚ ਪੂਜਾ ਸਮਗਰੀ
ਖੀ੍ਰਦਣ 'ਚ ਮੱਦਦ ਕਰੇ
ਉਹ, ਬਿਨ੍ਹਾਂ ਕਿਸੀ ਹਿਚਕਿਚਾਹਟ
ਧੂਫ਼, ਅਗਰਬੱਤੀ, ਫਲਾਂ ਨਾਲ ਭਰੇ ਥਾਲ
ਮੰਦਿਰ ਦੇ ਵਿਹੜੇ 'ਚ ਲਿਆ ਧਰੇਗਾ;
ਹਥਿਆਰਾਂ ਦੇ ਕਿਸੀ ਵਿਉਪਾਰੀ ਨੂੰ ਕਹੋ
ਈਦ ਦੇ ਮੌਕੇ
ਮਸਜਿਦ 'ਚ ਜਲਸਾ ਹੋਏਗਾ
ਉਹ, ਬਿਨ੍ਹਾਂ ਕੋਈ ਨਾਂਹ-ਨੁੱਕਰ ਕਰੇ
ਅੱਲਾ-ਹੂ-ਅਕਬਰ ਦਾ ਨਾਹਰਾ ਲਾਂਦਿਆਂ
ਤੁਹਾਡੇ ਸਾਹਮਣੇ ਚੈੱਕ ਬੁੱਕ ਰੱਖ ਕਹੇਗਾ
ਬੋਲੋ: ਮਸਜਿਦ ਲਈ
ਕਿੰਨੇ ਡਾਲਰ ਲਿਖ ਦਿਆਂ

ਰਾਜਨੀਤੀਵਾਨ, ਹੁਣ
ਚਿਹਰੇ ਉੱਤੇ, ਖੱਚਰੀ ਮੁਸਕਰਾਹਟ ਲਿਆ
ਪੰਜਵਾਂ, ਛੇਵਾਂ ਅਤੇ ਫਿਰ
ਸੱਤਵਾਂ ਪੈੱਗ ਵੀ
ਗਟਾਗਟ ਪੀ ਜਾਣ ਤੋਂ ਬਾਹਦ, ਬਸ
ਕੇਵਲ ਏਨਾਂ ਹੀ ਬੋਲਿਆ:
ਹੁਣ ਅਸੀਂ
ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ ਦੇ
ਰੇਡੀਓ, ਟੀਵੀ, ਮੈਗਜ਼ੀਨਾਂ, ਅਖਬਾਰਾਂ ਰਾਹੀਂ
ਧੂੰਆਂਧਾਰ ਜ਼ਹਿਰੀਲਾ ਸ਼ੌਰ ਪਾ ਕੇ
ਧਰਮ-ਯੁੱਧ ਮੋਰਚਾ ਲਾਵਾਂਗੇ
ਗਾਂਧੀ ਜੀ ਦੇ ਸ਼ਾਂਤੀਵਾਦ ਦਾ ਅਡੰਬਰ ਰਚਾ ਕੇ
ਚਿਹਰਿਆਂ ਉੱਤੇ ਰੰਗ-ਬਰੰਗੇ ਮੁਖੌਟੇ ਸਜਾ
ਬਜ਼ਾਰਾਂ, ਚੌਰਸਤਿਆਂ, ਸ਼ਾਪਿੰਗ ਪਲਾਜ਼ਿਆਂ 'ਚ ਨਿਕਲਾਂਗੇ
ਸਾਥੋਂ, ਜਿੰਨੀ ਛੇਤੀ ਹੋ ਸਕਿਆ
ਹਰ ਮੰਦਿਰ, ਮਸਜਿਦ, ਗਿਰਜੇ, ਗੁਰਦੁਆਰੇ ਦੇ
ਲੰਗਰ ਹਾਲ 'ਚ ਸਜੀਆਂ, ਦਹਿਸ਼ਤਗਰਦਾਂ ਦੀਆਂ
ਆਦਮ-ਕੱਦ ਤਸਵੀਰਾਂ ਸਾਹਵੇਂ ਡੰਡੋਤ-ਬੰਦਨਾ ਕਰਦੇ ਹੋਏ
ਮੰਨੂੰਵਾਦ ਦਾ ਪੈਦਾ ਕੀਤਾ
ਜ਼ਾਤ-ਪਾਤ ਦੇ ਕੈਂਸਰ ਦਾ ਝੰਡਾ ਲਹਿਰਾ ਕੇ
ਇਨਕਲਾਬ ਲਿਆਵਾਂਗੇ; ਧਰਮ, ਧਰਮ ਕੂਕ ਕੇ
ਇੱਕ ਦੂਜੇ ਦੇ ਮੰਦਿਰ, ਮਸਜਿਦ
ਗਿਰਜੇ, ਗੁਰਦੁਆਰੇ ਢਾਹ ਕੇ
ਮਾਸੂਮਾਂ, ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ
ਖ਼ੂਨ ਦੀਆਂ ਨਦੀਆਂ ਬਹਾਵਾਂਗੇ

ਜੇ ਹੋ ਸਕਿਆ ਤਾਂ
ਲੋਕ-ਪ੍ਰਲੋਕ ਦੇ ਕਲਿਆਣ ਹਿਤ
ਉੱਥੇ, ਆਏ ਹੋਏ
ਹਰ ਮਾਈ ਭਾਈ ਨੂੰ
ਪੰਜਾਬ 'ਚ ਵਗਦੇ
ਨਸ਼ਿਆਂ ਦੇ ਛੇਵੇਂ ਦਰਿਆ 'ਚੋਂ
ਚੂਲੀਆਂ ਭਰ ਭਰ ਕੇ
ਨਸ਼ਿਆਂ ਦੇ ਜਾਮ-ਏ-ਇਨਸਾਂ ਦਾ
ਅੰਮ੍ਰਿਤ ਪਾਨ ਵੀ ਕਰਾਵਾਂਗੇ
.......

ਬਾਪੂ -ਇੰਦਰਜੀਤ ਪੁਰੇਵਾਲ

ਬਾਪੂ   -ਇੰਦਰਜੀਤ ਪੁਰੇਵਾਲ

ਫੋਨ ਉੱਤੇ ਭੈਣ ਮੇਰੀ ਦੱਸਿਆ ਸੀ ਮੈਨੂੰ,

ਸਾਇਆ ਬਾਪ ਦਾ ਨਾ ਸਿਰ ਤੇ ਰਿਹਾ।

ਕੱਲ ਰਾਤੀਂ ਭੌਰ ਉਹਦਾ ਉੱਡ ਗਿਆ ਵਜ਼ੂਦ ਵਿੱਚੋਂ,

ਸਾਹ ਜ਼ਿੰਦਗੀ ਦਾ ਆਖਰੀ ਲਿਆ।

ਅੱਧੀ-ਅੱਧੀ ਰਾਤੀਂ ਉੱਠ 'ਵਾਜਾਂ ਤੈਨੂੰ ਮਾਰਦਾ ਸੀ,

ਉਹਦਾ ਜਾਂਦਾ ਨਹੀਂ ਸੀ ਦਰਦ ਸਹਿਆ।

ਬੜਿਆਂ ਦਿਨਾਂ ਤੋਂ ਬਾਪੂ ਯਾਦ ਤੈਨੂੰ ਕਰਦਾ ਸੀ,

ਜਾਂਦੀ ਵਾਰੀ ਨਾਮ ਤੇਰਾ ਹੀ ਲਿਆ।

ਇੱਕ ਵਾਰੀ ਆਕੇ ਮੈਨੂੰ ਮਿਲ ਕਿਉਂ ਨਹੀਂ ਜਾਂਦਾ,

ਉਹਨੇ ਕਈ ਵਾਰੀ ਮਾਂ ਨੂੰ ਕਿਹਾ।

ਆਖਦਾ ਹੁੰਦਾ ਸੀ ਲੋਕੀਂ ਵਤਨਾਂ ਨੂੰ ਆਉਂਦੇ,

ਉਹਦਾ ਕਿਉਂ ਨਹੀਂ ਜ਼ਹਾਜ਼ ਉਡਿੱਆ।

ਤੇਰੀਆਂ ਉਡੀਕਾਂ ਵਿੱਚ ਤੁਰ ਗਿਆ ਬਾਪੂ,

ਵੀਰਾ ਕਾਹਨੂੰ ਪਰਦੇਸ ਤੂੰ ਗਿਆ।

ਮਾਂ ਦੀਆਂ ਅੱਖੀਆਂ 'ਚੋਂ ਹੰਝੂ ਮੁੱਕ ਗਏ,

ਉਹ ਵੀ ਨਦੀ ਕੰਢੇ ਰੁੱਖੜਾ ਪਿਆ।

ਰੋਇਆ ਵੀ ਨਾ ਗਿਆ ਮੇਰਾ ਦੁੱਖ ਕਿਸੇ ਵੰਡਿਆ ਨਾ,

ਮੈਂ ਵਿੱਚੋ-ਵਿੱਚ ਹੰਝੂ ਪੀ ਗਿਆ।

ਉਂਗਲੀ ਫੜਾ ਕੇ ਜਿੰਨੇ ਤੁਰਨਾ ਸਿਖਾਇਆ,

ਅੱਜ ਕਿਹੜੇ ਪਾਸੇ ਤੁਰ ਉਹ ਗਿਆ।

ਬਾਰਾਂ ਸਾਲ ਪਹਿਲਾਂ ਮੈਨੂੰ ਦਿੱਲੀਓਂ ਸੀ ਵਿਦਾ ਕੀਤਾ,

ਖੁਦ ਦੁਨੀਆਂ ਤੋਂ ਵਿਦਾ ਹੋ ਗਿਆ।

ਡਾਲਰਾਂ ਨੇ ਤੋੜਤੀਆਂ ਮੋਹ ਦੀਆਂ ਤੰਦਾਂ,

ਉਹਦਾ ਮੂੰਹ ਵੀ ਨਾ ਵੇਖਿਆ ਗਿਆ।

ਖੱਟਿਆ ਤੂੰ ਪੈਸਾ ਮਨਾ ਬਲੀ ਦੇ ਕੇ ਨਾਤਿਆਂ ਦੀ,

ਮੈਨੂੰ ਮੇਰੀ ਹੀ ਜ਼ਮੀਰ ਨੇ ਕਿਹਾ।

ਭੁੱਬਾਂ ਮਾਰ ਰੋ ਭਾਂਵੇਂ ਮਣ-ਮਣ ਹੰਝੂ ਕੇਰ,

ਉੱਥੇ ਗਿਆ ਨਾ ਕਦੇ ਕੋਈ ਮੁੜਿਆ।

ਧੀਆਂ-ਪੁੱਤਾਂ ਤਾਂਈ ਲੋੜ ਹੁੰਦੀ ਸਦਾ ਮਾਪਿਆਂ ਦੀ,

'ਪੁਰੇਵਾਲ' ਐਂਵੇ ਨਹੀਂ ਸਿਆਣਿਆਂ ਕਿਹਾ।
...............

Thursday, February 11, 2010

ਚਾਰ ਕਵਿਤਾਵਾਂ -ਸੁਖਿੰਦਰ

ਚਾਰ ਕਵਿਤਾਵਾਂ   -ਸੁਖਿੰਦਰ
 
1.
ਸੰਭਾਵਨਾਵਾਂ

ਅਜੋਕੇ ਸਮਿਆਂ ਵਿੱਚ
ਕੁਝ ਵੀ ਵਾਪਰ ਸਕਦਾ ਹੈ-

ਆਦਮੀ ਦੇ ਘਰ
ਬਾਂਦਰ ਪੈਦਾ ਹੋ ਸਕਦਾ ਹੈ
ਕੁੱਤਾ, ਬਘਿਆੜ, ਖੋਤਾ ਜਾਂ
ਇਹੋ ਜਿਹਾ, ਕੁਝ ਵੀ ਹੋਰ

ਕੋਈ ਇਹ ਵੀ ਆਖ ਸਕਦਾ ਹੈ:
ਆਦਮੀ ਦੇ ਘਰ
ਭਾਵੇਂ, ਹੋਰ ਜੋ ਕੁਝ ਮਰਜ਼ੀ ਜੰਮ ਪਵੇ
ਪਰ, ਮਗਰਮੱਛ ਜਾਂ ਸੱਪ
ਨਹੀਂ ਜੰਮ ਸਕਦਾ

ਪਰ ਤਰਕਵਾਦੀ
ਇਸ ਗੱਲ ਦਾ ਵੀ ਉੱਤਰ
ਢੂੰਡ ਲੈਣਗੇ-

ਵੇਖਣ ਨੂੰ ਭਾਵੇਂ
ਆਦਮੀ ਦੇ ਘਰ ਜੰਮਿਆਂ ਬੱਚਾ
ਮਨੁੱਖ ਹੀ ਲੱਗਦਾ ਹੋਵੇ
ਗੱਲਬਾਤ ਵਿੱਚ ਭਾਵੇਂ
ਮਨੁੱਖਾਂ ਵਾਲੀ ਸ਼ਬਦਾਵਲੀ ਹੀ
ਵਰਤਦਾ ਹੋਵੇ

ਪਰ ਉਸ ਦੀਆਂ ਹਰਕਤਾਂ
ਉਸ ਦੀ ਚਾਲ ਢਾਲ
ਆਪਣੇ ਆਪ ਹੀ ਬੋਲ ਪੈਣਗੇ

ਸ਼ਕਲਾਂ ਤਾਂ, ਮਹਿਜ਼
ਭਰਮ ਜਾਲ ਹੀ ਹੁੰਦੀਆਂ ਹਨ
ਤੁਹਾਨੂੰ ਉਲਝਾਈ ਰੱਖਣ ਲਈ-

ਹਕੀਕਤ ਅਤੇ ਭਰਮ ਦਰਮਿਆਨ
ਰੇਤ ਦੀ ਉਸਰੀ ਕੰਧ ਵਾਂਗ਼
.......
2.
ਪੁੱਠਾ ਗੇੜ 

ਇਤਿਹਾਸ ਨੂੰ ਪੁੱਠਾ ਗੇੜ ਦੇਣ ਵਾਲੇ ਕਿਰਦਾਰ
ਮੁੜ, ਮੁੜ ਆਉਂਦੇ ਹਨ-

ਹਰ ਵਾਰ, ਉਨ੍ਹਾਂ ਦੇ ਚਿਹਰੇ ਉੱਤੇ
ਕੋਈ ਨਵਾਂ ਮੁਖੌਟਾ ਸਜਿਆ ਹੁੰਦਾ ਹੈ

ਪਰ, ਉਨ੍ਹਾਂ ਦੇ ਨਾਹਰੇ ਨਹੀਂ ਬਦਲੇ:
ਸਿਰਫ ਹਿੰਦੂਆਂ ਲਈ
ਸਿਰਫ ਸਿੱਖਾਂ ਲਈ
ਸਿਰਫ ਮੁਸਲਮਾਨਾਂ ਲਈ
ਸਿਰਫ ਯਹੂਦੀਆਂ ਲਈ
ਸਿਰਫ ਈਸਾਈਆਂ ਲਈ

ਸਦੀਆਂ ਬੀਤ ਜਾਣ ਬਾਹਦ ਵੀ
ਉਨ੍ਹਾਂ ਦੇ ਬੰਦ ਦਿਮਾਗ਼ਾਂ ਦੇ ਬੂਹੇ ਨਹੀਂ ਖੁੱਲ੍ਹੇ
ਉਹ, ਅਜੇ ਵੀ, ਇਨਸਾਨ ਨਹੀਂ ਬਣ ਸਕੇ

ਧਰਮ ਧਰਮ ਕੂਕਦੇ, ਉਹ
ਨਿੱਕੀਆਂ ਨਿੱਕੀਆਂ ਬੱਚੀਆਂ ਦੇ ਢਿੱਡਾਂ ਵਿੱਚ
ਛੁਰੇ ਘੋਪ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀ ਮਾਂ ਜਿਹੀ ਔਰਤ ਦਾ
ਬਲਾਤਕਾਰ ਕਰ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀਆਂ ਹੀ ਮਾਸੂਮ ਧੀਆਂ ਦੇ
ਜਿਸਮਾਂ ਦੇ ਟੁੱਕੜੇ ਟੁੱਕੜੇ ਕਰਕੇ
ਤੰਦੂਰ ਵਿੱਚ ਬਾਲਣ ਬਣਾ ਬਾਲ ਦਿੰਦੇ ਹਨ

ਕੁਝ ਵੀ ਨਹੀਂ ਬਚਿਆ
ਇਨ੍ਹਾਂ ਮੁਖੌਟਾਧਾਰੀ ਕਿਰਦਾਰਾਂ ਤੋਂ-

ਰੇਡੀਓ, ਟੀਵੀ, ਇੰਟਰਨੈੱਟ
ਅਖਬਾਰਾਂ, ਮੈਗਜ਼ੀਨ
ਸਕੂਲ, ਕਾਲਿਜ, ਯੂਨੀਵਰਸਿਟੀਆਂ
ਦਫ਼ਤਰ, ਘਰ, ਸ਼ਾਪਿੰਗ ਪਲਾਜ਼ੇ

ਹਰ ਜਗ੍ਹਾ ਹੀ, ਇਹ
ਦਨਦਨਾਂਦੇ ਫਿਰਦੇ ਹਨ

ਕਿਸੇ ਦੇਸ਼ ਦੀ ਖੁਫੀਆ ਫੌਜ ਦੇ
ਸਿਪਾਹੀਆਂ ਵਾਂਗ-
ਕਾਰਾਂ, ਵੈਨਾਂ, ਟਰੱਕਾਂ 'ਚ ਲੁਕੇ ਬੈਠੇ
ਆਪਣੇ ਮਨਾਂ 'ਚ ਪਲ ਰਹੇ
ਨਫਰਤ ਦੇ ਕੀਟਾਣੂੰਆਂ ਦੀ
ਉਲਟੀ ਕਰਨ ਲਈ
.........


3.
ਚਿੜੀਆਂ 

ਫੁਰ ਫੁਰ ਕਰਦੀਆਂ ਚਿੜੀਆਂ ਵਾਂਗ
ਉੱਡਦੀਆਂ ਫਿਰਦੀਆਂ ਕੁੜੀਆਂ
ਸਹਿਜੇ ਹੀ ਫਸ ਜਾਂਦੀਆਂ ਨੇ
ਸ਼ਿਕਾਰੀਆਂ ਦੇ ਸੁੱਟੇ ਹੋਏ ਜਾਲ ਵਿੱਚ

ਲਾਹੌਰ ਦੀ ਹੀਰਾ ਮੰਡੀ ਹੋਵੇ
ਜਾਂ ਟੋਰਾਂਟੋ ਦੀ ਯੰਗ ਸਟਰੀਟ
ਵੈਨਕੂਵਰ ਦੇ ਸਟਰਿਪਟੀਜ਼ ਕਲੱਬ ਹੋਣ
ਜਾਂ ਦਿੱਲੀ ਦੀ ਜੀ.ਬੀ. ਰੋਡ
ਹਰ ਜਗ੍ਹਾ ਹੀ ਰੁਲ ਰਹੀਆਂ ਨੇ
ਘਰਾਂ 'ਚੋਂ ਵਰਗਲਾ ਕੇ
ਲਿਆਂਦੀਆਂ ਹੋਈਆਂ, ਮਾਸੂਮ
ਅਤੇ ਭੋਲੀਆਂ ਭਾਲੀਆਂ ਕੁੜੀਆਂ

ਨਵੇਂ ਯੁੱਗ ਵਿੱਚ ਸ਼ਿਕਾਰੀਆਂ ਨੇ
ਨਵੇਂ ਬਹਾਨੇ ਲੱਭ ਲਏ ਹਨ
ਇਨ੍ਹਾਂ ਚਿੜੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਣ ਲਈ

ਬੇਗਾਨੇ ਦੇਸ਼ਾਂ ਵਿੱਚ
ਚੰਗੀਆਂ ਨੌਕਰੀਆਂ ਦਵਾਉਣ ਦਾ ਚੋਗਾ ਸੁੱਟ
ਲਿਆ ਬਿਠਾਂਦੇ ਹਨ ਉਨ੍ਹਾਂ ਨੂੰ
ਰੰਡੀਆਂ ਦੇ ਕੋਠਿਆਂ ਉੱਤੇ:
ਮੈਸਾਜ਼ ਪਾਰਲਰਾਂ ਦੇ ਸਾਈਨ ਬੋਰਡ ਲਗਾ ਕੇ
ਕਾਲ ਸੈਂਟਰਾਂ ਦੀਆਂ ਓਪਰੇਟਰਾਂ ਦਾ ਬਹਾਨਾ ਬਣਾ ਕੇ
ਰੇਡੀਓ ਨੀਊਜ਼ਕਾਸਟਰਾਂ ਦਾ ਖੂਬਸੂਰਤ ਲੇਬਲ ਲਗਾ ਕੇ

ਹਰੇਕ ਦੇਸ਼ ਦੀਆਂ ਚਿੜੀਆਂ ਨੂੰ
ਜਾਲ ਵਿੱਚ ਫਸਾਉਣ ਲਈ
ਉਨ੍ਹਾਂ ਕੋਲ, ਕੋਈ ਨਵਾਂ ਫਾਰਮੂਲਾ ਹੁੰਦਾ ਹੈ:
ਭਾਰਤੀ ਚਿੜੀਆਂ ਵਾਸਤੇ
'ਨਰਸਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੁਮਾਨੀਅਨ ਚਿੜੀਆਂ ਵਾਸਤੇ
'ਡਾਂਸਰਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੂਸੀ ਚਿੜੀਆਂ ਵਾਸਤੇ
'ਮਾਲਿਸ਼ ਕਰਨ ਵਾਲੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਪਾਕਿਸਤਾਨੀ ਚਿੜੀਆਂ ਵਾਸਤੇ
'ਪਤਨੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ

ਫੁਰ ਫੁਰ ਕਰਦੀਆਂ ਚਿੜੀਆਂ ਨੂੰ
ਆਪਣੇ ਜਾਲ ਵਿੱਚ ਫਸਾਉਣ ਲਈ
ਵਿਸ਼ਵਮੰਡੀ ਦੇ ਮਕਾਰ ਦਲਾਲਾਂ ਕੋਲ
ਸਤਰੰਗੀ ਪੀਂਘ ਦੇ ਰੰਗਾਂ ਵਰਗੇ
ਰੰਗੀਨ ਸੁਪਣਿਆਂ ਦੇ ਭੰਡਾਰ ਹਨ

ਤੁਹਾਡੀ ਲੋੜ ਨੂੰ ਸਮਝ
ਤੁਹਾਡੀ ਮਜਬੂਰੀ ਨੂੰ ਪਹਿਚਾਣ
ਹਰ ਗਾਹਕ ਨੂੰ
ਆਪਣਾ ਮਾਲ ਵੇਚ ਸਕਣ ਦੀ
ਸਮਰੱਥਾ ਰੱਖਣ ਵਾਲੇ
ਚੁਸਤ ਵਿਉਪਾਰੀਆਂ ਵਾਂਗ
........

4.
ਗਲੋਬਲ ਪਿੰਡ 

ਹੇਤੀ ਵਿੱਚ ਆਈਆਂ
ਭੂਚਾਲ ਦੀਆਂ ਤਰੰਗਾਂ ਨੇ
ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ
ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ

ਹਰ ਕੋਈ ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ
ਆਪਣਾ ਦੁੱਖ ਸਮਝਣ ਲੱਗਾ
ਰਾਜਨੀਤੀਵਾਨ, ਪੱਤਰਕਾਰ, ਲੇਖਕ
ਗਾਇਕ, ਸੰਗੀਤਕਾਰ, ਅਦਾਕਾਰ
ਵਿਸ਼ਵ-ਅਮਨ ਅਤੇ ਖੁਸ਼ਹਾਲੀ ਦੀ
ਬਾਤ ਪਾਉਣ ਲੱਗੇ

ਹਵਾਵਾਂ ਵਿੱਚ ਗੀਤ ਗੂੰਜ ਪਏ:
ਅਸੀਂ ਇੱਕ ਹਾਂ
ਸਾਡਾ ਸੁਪਣਾ ਇੱਕ ਹੈ
ਸਾਡੀ ਖੁਸ਼ੀ ਇੱਕ ਹੈ
ਸਾਡਾ ਦੁੱਖ ਇੱਕ ਹੈ
ਸਾਡਾ ਮਰਨਾ ਇੱਕ ਹੈ
ਸਾਡਾ ਜੀਣਾ ਇੱਕ ਹੈ

ਰੰਗਾਂ ਦੇ ਭੇਦ ਤੋਂ ਉੱਪਰ ਉੱਠ
ਧਰਮਾਂ ਦੀ ਤੰਗ ਵਲਗਣ 'ਚੋਂ ਬਾਹਰ ਆ
ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ
ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ ਬਾਂਬੜਾਂ ਨੂੰ ਬੁਝਾ

'ਅਮਨ' ਅਤੇ 'ਖੁਸ਼ਹਾਲੀ ਸਭਨਾਂ ਲਈ', ਵਰਗੇ
ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ

ਬਦਲ ਰਹੇ ਸਮਿਆਂ ਵਿੱਚ
ਗਲੋਬਲ ਪਿੰਡ ਦਾ
ਇੱਕ ਅਰਥ ਇਹ ਵੀ ਹੈ
..............