Wednesday, February 24, 2010

ਦਿਲ ਦੇ ਪਲੰਘ ਉੱਤੋਂ -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ  -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ ਡਿੱਗੇ ਸੋਹਣੇ ਸੱਜਣਾਂ ਦੇ,
ਧੋਖਾ ਦੇ ਦਿੱਤਾ ਉਹਦੀ ਛਿੱਜੀ ਹੋਈ ਨਵਾਰ ਨੇ।

ਹੁੱਬ ਕੇ ਸੁਆਲ ਪਾ ਬੈਠੇ ਸੋਹਣੇ ਸੱਜਣਾਂ ਨੂੰ,
ਖੂੰਜੇ ਲਾ ਕੇ ਰੱਖ ਦਿਤਾ ਸਿੱਧੇ ਇਨਕਾਰ ਨੇ।

ਕਾਸਾ ਫੜ ਫੁੱਲਾਂ ਤਾਂਈ ਮੰਗਿਆ ਪਿਆਰਾਂ ਤੋਂ,
ਖਾਲੀ ਵੀ ਨਾ ਮੋੜੇ, ਉਹਨੇ ਪਾ ਦਿੱਤੇ ਖ਼ਾਰ ਨੇ।

ਸੂਲ਼ਾਂ ਤੋਂ ਵੀ ਤਿੱਖੇ ਉਹਦੇ ਆਖੇ ਹੋਏ ਬੋਲ ਜੋ,
ਦਿਲ ਵਿੱਚ ਖੁਭੇ, ਛੇਕ ਕਰ ਗਏ ਹਜ਼ਾਰ ਨੇ।

ਝੋਲੀ ਪਾ ਸਾਂ ਨੱਠੇ ਲੈ ਕੇ ਸੱਧਰਾਂ ਦੇ ਬੰਟਿਆਂ ਨੂੰ,
ਠੇਡਾ ਖਾ ਕੇ ਡਿੱਗੇ ਮੂਧੇ ਮੂੰਹ ਲਏ ਖਿਲਾਰ ਨੇ।

ਫੱਟ ਲਾ ਕੇ ਆਖਦੇ ਨੇ ਸੀ ਵੀ ਨਹੀਂ ਆਖਣੀ,
ਕਿਥੇ ਜਾ ਕੇ ਕੱਢੀਏ ਜੋ ਦਿਲਾਂ ਦੇ ਗੁਬਾਰ ਨੇ।

ਸੁੱਖ, ਚੈਨ, ਸੱਧਰਾਂ ਤੇ ਨੀਂਦਰਾਂ ਗੁਆ ਲਈਆਂ,
ਪੱਲੇ ਨਹੀਓਂ ਪਾਇਆ ਕੁਝ ਦਿਲਾਂ ਦੇ ਵਪਾਰ ਨੇ।

ਆਸਾਂ ਦੇ ਮਿਰਗ ਵਾਹੋ-ਦਾਹੀ ਭੱਜੇ ਪਾਣੀਆਂ ਨੂੰ,
ਇੱਕ-ਇੱਕ ਕਰ ਉਹਨਾਂ ਮਾਰ ਲਏ ਸ਼ਿਕਾਰ ਨੇ।

ਤੁਰਿਆ ਜਦੋਂ ਵੀ ਪੱਲੇ ਬੰਨ੍ਹ ਰੁਸਵਾਈਆਂ ਨੂੰ,
ਰੋਕ ਲਿਆ ਉਹਦੀ ਨਿੱਕੀ ਜਿਹੀ ਪੁਚਕਾਰ ਨੇ।

ਛੁਰਾ ਮਾਰ ਹਿੱਕ ਉੱਤੇ ਹੱਥ ਫੇਰ ਜੋੜ ਲਏ,
ਮਾਰ ਲਏ ਕਾਤਿਲਾ ਉਏ ਤੇਰੇ ਸਤਿਕਾਰ ਨੇ।

ਛੱਡਿਆ ਜਹਾਨ ਦਾ ਸੁਆਲ ਨਾ ਕੋਈ ਹੱਲ ਤੋਂ,
ਚੱਕਰਾਂ 'ਚ ਪਾਇਆ ਸਾਨੂੰ ਤੇਰੇ ਕਿਰਦਾਰ ਨੇ।

ਮਰਿਆ ਨਾ ਜਿਹੜਾ ਸੈਮਸਨ ਵੱਡੇ ਯੋਧਿਆਂ ਤੋਂ,
ਮਾਰਿਆ ਪਿਆਰ ਉੱਤੇ ਕੀਤੇ ਇਤਬਾਰ ਨੇ।

ਹਿੱਕ ਉੱਤੇ ਫੁੱਲਾਂ ਵਾਲ਼ੇ ਹਾਰਾਂ ਦੀ ਵੀ ਥੋੜ ਨਾ,
ਪਿੱਠ ਟੋਹ ਕੇ ਵੇਖ ਲੱਗੇ ਫੱਟ ਵੀ ਹਜ਼ਾਰ ਨੇ।

ਬੰਨ੍ਹਣੇ ਨੀ ਆਏ ਹਾਲੇ ਤੀਕ 'ਹਰਦੇਵ' ਨੂੰ,
ਮੂੰਹ-ਜ਼ੋਰ ਘੋੜਿਆਂ ਜਿਹੇ ਅੱਥਰੇ ਵਿਚਾਰ ਨੇ।

*******

No comments:

Post a Comment