Monday, March 29, 2010

ਪੰਜ ਕਵਿਤਾਵਾਂ -ਰਵਿੰਦਰ ਰਵੀ

ਪੰਜ ਕਵਿਤਾਵਾਂ
ਰਵਿੰਦਰ ਰਵੀ

੧. ਭਟਕਣ-ਮੁਖੀ

ਅੱਜ ਕੇਵਲ ਲੀਕਾਂ ਹੀ ਵਹੀਆਂ,
ਸ਼ਬਦ ਪਕੜ ਨਾ ਹੋਏ!
ਭਾਸ਼ਾ ਦੇ ਦਰ, ਭਾਵਾਂ ਦਾ ਸੱਚ,
ਚੁੱਪ ਚੁਪੀਤਾ ਰੋਏ!

ਮਿਲੇ, ਤਾਂ ਉਦ ਵੀ ਸ਼ਬਦ ਨਹੀਂ ਸਨ,
*ਵਿਦਿਆ-ਵੇਲੇ ਫਿਰ **ਨਿਰਵਾਣੀ!
ਦਿਲ ਵਿਚ ਸੂਲਾਂ, ਜ਼ਿਹਨ 'ਚ ਫੋੜੇ,
ਅੱਖਾਂ ਪਾਣੀ, ਪਾਣੀ!

ਤੇਰੀ ਵਿਥਿਆ ਅਲਫ ਚਾਨਣੀ,
ਮੇਰੀ ਹੈ ਪਰਛਾਵਾਂ!
ਸੱਟ ਤੇ ਪੀੜ ਦੇ ਰਿਸ਼ਤੇ ਦੇ ਵਿਚ,
ਬੰਨ੍ਹਿਆਂ ਸਾਨੂੰ ਰਾਹਵਾਂ!

ਭਟਕੇ ਸਾਂ, ਕਿ ਫੇਰ ਮਿਲਾਂਗੇ,
ਮਿਲੇ ਹਾਂ, ਫਿਰ ਭਟਕਣ ਲਈ!
ਰਾਹ ਪਾਟਣ ਚਾਹੇ ਉਲਟ ਦਿਸ਼ਾਈਂ,
ਤੁਰਦਾ ਕੌਣ ਰੁਕਣ ਲਈ?
੨. ਇਕੱਲ-ਕੈਦ

ਅੰਬਰ ਨੂੰ ਅੱਗ ਲਾ ਕੇ ਤੁਰੀਆਂ,
ਡੁੱਬਦੀਆਂ ***ਭਾਨ-ਸ਼ੁਆਵਾਂ!
ਜਿੱਧਰ ਵੇਖੋ, ਬਰਫ ਦਾ ਪਹਿਰਾ,
ਵਗਦੀਆਂ ਸੀਤ ਹਵਾਵਾਂ

ਠਾਰ ਅੰਦਰ ਦੀ? ਬਾਹਰ ਦਾ ਮੌਸਮ?
ਭੇਦ ਸਮਝ ਨਾਂ ਆਏ!
ਆਪੇ ਨੂੰ ਭਰਮਾਵਣ ਲਈ, ਮਨ
ਬਰਫ ਨੂੰ ਤੀਲੀ ਲਾਏ!

ਚਿੱਟੀ ਬਰਫ ਤੇ ਕੋਰੇ ਮਨ 'ਤੇ,
ਹਰ ਰੰਗ ਪੈੜ ਬਣੇ!
ਬਰਫ ਦੀ ਰੁੱਤੇ, ਜੋ ਰੁੱਤ ਆਵੇ,
ਸੱਜਰੀ ਪੀੜ ਜਣੇ!

ਅਬਰਕ ਵਾਂਗੂੰ ਝੜਦੀ ਅੰਬਰੋਂ,
ਪੈੜਾਂ ਉੱਤੇ ਪੈਂਦੀ!
ਬਰਫ ਦੀਆਂ ਤਹਿਆਂ ਵਿਚ ਸਾਂਭੀ,
ਪੈੜ ਨਾ ਅੱਜ ਕੱਲ੍ਹ ਢਹਿੰਦੀ!


ਆਵਣ ਵਾਲੇ, ਆਕੇ ਤੁਰ ਗਏ,
ਪੈੜ ਨਾ ਛੱਡਣ 'ਵਾਵਾਂ!
ਯਾਦਾਂ ਵਾਂਗ ਅਨ੍ਹੇਰੀ, ਪਿੱਛੋਂ
ਚੁੱਪ ਦਾ ਸ਼ੋਰ ਦੁਖਾਵਾਂ!

ਕਿਹੜੀਆਂ ਸੋਚਾਂ ਵਿਚ ਜਿੰਦ ਉਲਝੀ?
ਕਿਸ 'ਤੇ ਦੋਸ਼ ਧਰੇ?
ਇਕਲਾਪੇ ਦੀ ਕੈਦ ਹੋਂਦ ਨੂੰ,
ਕਿੱਧਰ ਕੂਚ ਕਰੇ???

੩. ਕਤਲ

ਬਰਫ ਨੂੰ ਅੱਗ ਨਹੀਂ ਲੱਗਣੀ,
ਤੀਲ੍ਹੀ ਕਿਉਂ ਬਲਦੀ ਹੈ?
ਪਿੱਠਾਂ ਵਿਚਕਾਰਲਾ ਸੂਰਜ,
ਰੌਸ਼ਨ ਹੈ,
ਰੌਸ਼ਨੀ ਨਹੀਂ ਕਰਦਾ!

ਚਮਗਿੱਦੜ ਨੂੰ ਰਾਤ ਹੀ ਦਿਨ,
ਉੱਲੂ ਨੂੰ ਉਜਾੜ, ਆਬਾਦੀ!

ਪਿੱਠਾਂ ਪਾਟੀਆਂ,
ਚਿਹਰੇ ਬੇਮੁੱਖ ਹੋਏ –
ਰਿਸ਼ਤਿਆਂ ਦੀ ਰੌਸ਼ਨੀ 'ਚ,
ਕਿਸ ਦਾ ਕਤਲ ਹੋਇਆ ਹੈ???

੪. ਵਕਤ ਆ ਗਿਆ ਹੈ

ਵਕਤ ਆ ਗਿਆ ਹੈ:
ਪਹੁ ਫਟਣ ਦਾ
ਚਿੜੀਆਂ, ਚਹਿਕਣ ਦਾ
ਕਲੀਆਂ, ਖਿੜਣ ਦਾ
ਪੌਣਾਂ, ਰੁਮਕਣ ਦਾ
ਟਹਿਣੀਆਂ, ਝੂਲਣ ਦਾ
ਕਿਰਨਾਂ, ਮਹਿਕਣ ਦਾ
ਫੁੱਲਾਂ, ਟਹਿਕਣ ਦਾ –

ਹਾਂ, ਵਕਤ ਆ ਗਿਆ ਹੈ:
ਵਕਤ ਰੋਜ਼ ਆਉਂਦਾ ਹੈ,
ਪਰ ਹੁੰਦਾ ਕੁਝ ਵੀ ਨਹੀਂ!!!

੫. ਚਲੋ ਚੱਲੀਏ

ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!
ਇੱਟਾਂ ਪੱਥਰ ਚਿਣੇ ਸਨ,
ਮਨ ਨੂੰ, ਘਰ ਬਨਾਵਣ ਲਈ!
ਬਰਸ ਪਏ,
ਸਾਡੇ 'ਤੇ –
ਚਾਰ ਦੀਵਾਰੀ 'ਚ ਇਹ!

ਦੀਵਾਰਾਂ ਬਾਹਰ ਸਨ,
ਦੀਵਾਰਾਂ ਅੰਦਰ ਹਨ!

ਹਰ ਦੂਜੇ ਦੇ ਮੂੰਹ 'ਤੇ ਹੀ ਨਹੀਂ,
ਹਰ ਆਪਣੇ ਮੂੰਹ 'ਤੇ ਵੀ ਸੰਦੇਹ ਹੈ!
ਹਰ ਆਪਣਾ ਚਿਹਰਾ ਵੀ, ਕੇਵਲ
ਆਪ ਤਕ ਸੀਮਤ!

ਏਸ ਤੋਂ ਪਹਿਲਾਂ ਕਿ ਤਿੜਕੇ ਚਾਰ-ਦੀਵਾਰੀ,
ਨਿਗੂਣੇ ਕੰਕਰਾਂ ਵਿਚ:
ਦੂਰ, ਦੂਰ –
ਕੋਲ, ਕੋਲ –

ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!!!
ਵਿਦਿਆ-ਵੇਲੇ - ਵਿਛੜਨ ਸਮੇਂ                 **ਨਿਰਵਾਣੀ – ਚੁੱਪ                  ***ਭਾਨ-ਸ਼ੁਆਵਾਂ – ਸੂਰਜ ਦੀਆਂ ਕਿਰਨਾਂ  
************ 


ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ -ਆਕਾਸ਼ਦੀਪ ਭੀਖੀ ਪਰੀਤ

ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼

ਆਕਾਸ਼ਦੀਪ ਭੀਖੀ ਪਰੀਤ
ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ ਗਿਆ ,
ਦੋ ਨੈਣ ਤਾਂ ਮੇਰੇ ਖੁੱਲੇ ਸੀ ,ਤੀਜਾ ਵੀ ਨੇਤਰ ਖੁੱਲ੍ਹ ਗਿਆ
ਤੇਰੇ ਨੈਣ ਨੇ ਵਾਂਗ ਮਿਸ਼ਾਲਾਂ ਦੇ ਤੇਰਾ ਹੱਸਣਾ ਜਿਉਂ ਕੁਈ ਫੁੱਲ ਖਿਡ਼ਦਾ
ਤੈਨੂੰ ਸਿਰਜਣਹਾਰ ਜਦ ਸਾਜਿਆ ਸੀ ਹੋਊ ਉਹਦਾ ਵੀ ਕੋਈ ਸੰਗ ਦਿਲ ਦਾ
ਤੇਰਾ ਕਾਮਤ ਸਨੋਬਰ ਰੁੱਖ ਵਰਗਾ ਤੈਥੋਂ ਮੋਰਾਂ ਤੋਰ ਉਧਾਰ ਲਈ
ਹੁਣ ਚੰਨ ਵੀ ਬਾਗੀ ਹੋਵੇਗਾ ਤੇਰੇ ਹੁਸਨ ਨਾਲ ਤਕਰਾਰ ਲਈ
ਕਿਸ ਤਰਾਂ ਕਰਾ ਤਮਸ਼ੀਲ ਤੇਰੀ ਮੇਰੇ ਕੋਲ ਕੋਈ ਵਾਕ ਨਹੀਂ
ਤੇਰੀ ਪਹੁਚ ਖੁਦਾ ਤੱਕ ਹੈ ਸਾਜਨ, ਮੇਰੀ ਖ਼ਾਕ ਜਿੰਨੀ ਔਕਾਤ ਨਹੀਂ
ਤੇਰੇ ਨੈਣਾਂ ਵਿੱਚ ਇੱਕ ਕਵਿਤਾ ਹੈ  ਤੇਰੇ ਬੁੱਲਾਂ ਤੇ ਇੱਕ ਗੀਤ ਕੁਡ਼ੇ
ਤੂੰ ਹੁਸਨਾ ਦੀ ਪਰਿਭਾਸ਼ਾ ਹੈਂ, ਮੇਰੇ ਮਨ ਮੰਦਿਰ ਦੀ ਮੀਤ ਕੁਡ਼ੇ
ਮੇਰੀ ਅੱਖ ਪਵਿੱਤਰ ਹੋ ਗਈ ਹੈ ਮੇਰਾ ਦਿਲ ਵੀ ਹੋਇਆ ਸੀਤ ਕੁਡ਼ੇ
ਮੈ ਉਹੀ ਕਰਮਾਂ ਵਾਲਾ ਹਾਂ ਜਿਸ ਕਰਮੀ ਤੇਰੀ ਪਰੀਤ ਕੁਡ਼ੇ

ਸ਼ਬਦਾਂ ਦੇ ਅਰਥ –ਤਾਬਸ਼ {ਨੂਰ,ਚਮਕ}  ਕਾਮਤ {ਕੱਦ} ਸਨੋਬਰ{ਇੱਕ ਬਹੁਤ ਵੱਡੇ ਆਕਾਰ ਦਾ
ਰੁੱਖ
}, ਤਮਸ਼ੀਲ {ਸਿਫਤ}
************

Thursday, March 25, 2010

ਬੋਧ-ਰੁੱਤ -ਰਵਿੰਦਰ ਰਵੀ

ਬੋਧ-ਰੁੱਤ
ਰਵਿੰਦਰ ਰਵੀ
ਬੁਜਕੀ ਚੁੱਕਕੇ ਜਿੱਧਰ ਜਾਵਾਂ,
ਤਨ ਨੂੰ ਟੁੱਕਰ ਮਿਲ ਜਾਂਦਾ ਹੈ,
ਮਨ ਦੀ ਬਾਤ ਨਹੀਂ ਬਣਦੀ!

ਵਾਂਗ ਅਵਾਸੀ ਜੀਵਨ ਬਣਿਆਂ,
ਦੇਸ ਬਦੇਸ ਨਗਰ ਵਣ ਭੰਵਿਆਂ,
ਭੋਂ ਉੱਤੇ ਆਕਾਸ਼ ਦੇ ਹੇਠਾਂ,
ਮੈਂ ਜਿਉਂ ਭਰਮ-ਜਲਾਂ ਦਾ ਜਣਿਆਂ!
ਵਾਟਾਂ ਦੇ ਮੂੰਹ, ਪੈਰ ਗੰਵਾਕੇ,
ਜੂਨ ਬੇਗਾਨੀ, ਜਿੰਦ ਹੰਢਾਕੇ,
ਕੰਨੀਂ ਖਬਰ ਹੈ ਹਾਰੇ ਰਣ ਦੀ!

ਤਨ ਨੇ ਜਿੰਨੇ ਜਿਸਮ ਹੰਢਾਏ,
ਮਨ ਨੇ ਉੰਨੇ ਬੋਝ ਉਠਾਏ!
ਹਰ ਨਾਤਾ ਇਕ ਪਰਬਤ, ਮਨ ਨੂੰ,
ਤਨ ਦੇ ਵਸਤਰ ਮੇਚ ਨਾ ਆਏ!
ਹਰ ਦੇਹ ਵਿਚ ਇਕ ਚੋਲਾ ਲਾਹਕੇ,
ਹਰ ਦੇਹ 'ਚੋਂ ਹੀ ਤ੍ਰਿਸ਼ਨਾ ਪਾ ਕੇ,
ਤਾਣੀ ਉਲਝੀ, ਸੁਲਝੇ ਮਨ ਦੀ!

ਮੈਂ ਬਿਨ, ਮੇਰੀ ਬਾਤ ਨਹੀਂ ਹੈ,
ਮੈਂ ਬਿਨ, ਕੋਈ ਸਾਥ ਨਹੀਂ ਹੈ,
ਮੈਂ ਬਿਨ, ਹਸਤੀ, ਬੇਪ੍ਰਤੀਤੀ  _
ਸੂਰਜ ਨਹੀਂ ਹੈ, ਰਾਤ ਨਹੀਂ ਹੈ!
ਮੈਂ ਵਿਚ ਬੋਧ-ਰੁੱਤ ਉਦ ਆਈ,
ਸਗਲੀ ਉਮਰਾ ਖਰਚ ਗੁਆ, ਜਦ
ਬਣਵਾਸੀ ਗੱਲ ਆਪਣੇਪਨ ਦੀ!

ਬੁਜਕੀ ਚੁੱਕਕੇ ਜਿੱਧਰ ਜਾਵਾਂ,
ਤਨ ਨੂੰ ਟੁੱਕਰ ਮਿਲ ਜਾਂਦਾ ਹੈ,
ਮਨ ਦੀ ਬਾਤ ਨਹੀਂ ਬਣਦੀ!
*******

Tuesday, March 23, 2010

ਮਿੰਨੀ ਕਵਿਤਾਵਾਂ -ਰਵਿੰਦਰ ਰਵੀ

ਮਿੰਨੀ ਕਵਿਤਾਵਾਂ   -ਰਵਿੰਦਰ ਰਵੀ

੧.
ਜਦੋਂ ਕੁਰਸੀ 'ਤੇ ਬੈਠਣ ਵਾਲਾ ਚਲੇ ਗਿਆ,
ਤਾਂ ਕੁਰਸੀ ਮੇਜ਼ ਤੋਂ ਨੀਵੀਂ ਹੋ ਗਈ!
੨.
ਖੋਤੇ ਕੋਲ ਇੱਕੋ ਸਵਾਲ ਸੀ, ਮਨੁੱਖ ਕੋਲ ਇੱਕੋ ਜਵਾਬ,
ਮਨੁੱਖ ਖੋਤੇ ਵਲ ਤੱਕਦਾ ਰਿਹਾ ਤੇ ਖੋਤਾ ਮਨੁੱਖ ਵਲ!
੩.
ਉਸ ਨੇ ਤਿੰਨ ਵਾਰ ਗਊ ਨੂੰ, "ਗਊ" ਕਿਹਾ,
ਗਊ ਨੇ ਸੁਣਿਆਂ, ਤੱਕਿਆ ਪਰ "ਆਦਮੀਂ" ਨਾ ਕਿਹਾ!
੪.
ਜਦੋਂ ਸੜਕ ਪਾਟ ਜਾਏ ਉੱਬਲਦੀ ਝੀਲ ਵਿਚਕਾਰ,
ਤਾਂ ਉਡਾਰੀ ਮਾਰਨ ਵਾਲੇ 'ਤੇ ਅਸਮਾਨ ਢਹਿ ਪੈਂਦਾ ਹੈ!
੫.
ਫੁੱਲਾਂ 'ਚ ਹੱਸਣ ਵਾਲੇ ਸ਼ਬਨਮ ਕਿਉਂ ਬਣਦੇ ਹਨ?
੬.
ਜਦੋਂ ਪਾਲਤੂ ਨੂੰ ਪੈਰ ਚੱਟਣ ਲਈ ਕਿਹਾ, ਤਾਂ ਉਸ ਨੇ ਪੂਛ ਹਿਲਾਈ!
ਜਦੋਂ ਉਸਨੂੰ ਪੂਛ ਹਿਲਾਉਣ ਲਈ ਕਿਹਾ, ਤਾਂ ਉਸਨੇ ਪੈਰ ਚੱਟੇ!
ਸ਼ਰਕਾਰ ਪਾਲਤੂ ਨੂੰ ਪਾਲਤੂ ਰੱਖਣ ਲਈ, ਵਿਧਾਨ 'ਚ ਸ਼ੰਸ਼ੋਧਨ ਕਰ ਰਹੀ ਹੈ!

੭.
ਜਦੋਂ ਥਲ ਨੇ ਸਮੁੰਦਰ ਦੀ ਭਾਸ਼ਾ ਸਿੱਖੀ,
ਤਾਂ ਉਸ ਦੇ ਨਿੱਕੇ ਨਿੱਕੇ ਸਗਲੇ ਸੂਰਜ ਬੁਝ ਗਏ!
੮.
ਸਮਾਂ ਗਲੋਬ ਨੂੰ ਘੁਮਾਉਂਦਾ ਰਿਹਾ ਤੇ ਗਲੋਬ ਮਨੁੱਖ ਨੂੰ,
ਜੋ ਤੁਰੇ ਸਨ, ਉਹ ਕਿਤੇ ਪਹੁੰਚੇ ਨਹੀਂ,
ਜੋ ਖੜ੍ਹੇ ਰਹੇ, ਉਹ ਪਹੁੰਚ ਗਏ!

ਸ਼ੋਰ
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!
ਦੁਨੀਆਂ ਆਉਂਦੀ ਹੈ,
ਮੇਰੇ 'ਚੋਂ ਰੋਜ਼ ਲੰਘਦੀ ਹੈ,
ਇਕ ਭੀੜ ਜਿਹੀ –
ਐਟਮ ਤੋਂ ਐਟਮ-ਧੂੜ ਤਕ,
ਫੈਲਦੀ, ਫਟਦੀ, ਬਿਖਰ ਜਾਂਦੀ!
ਨਹੀਂ,
ਨਹੀਂ ਮਿਲਦਾ,
ਸਬੂਤਾ ਆਪ ਨਹੀਂ ਮਿਲਦਾ!
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!!!
********

Thursday, March 18, 2010

ਜੇ ਕੁੜੀਏ ਇੱਕ ਗੱਲ ਮੈਂ ਆਖਾਂ -ਆਕਾਸ਼ਦੀਪ ਭੀਖੀ 'ਪਰੀਤ'

 ਜੇ   ਕੁੜੀਏ  ਇੱਕ  ਗੱਲ  ਮੈਂ  ਆਖਾਂ  -ਆਕਾਸ਼ਦੀਪ ਭੀਖੀ 'ਪਰੀਤ'

ਜੇ   ਕੁੜੀਏ  ਇੱਕ  ਗੱਲ  ਮੈਂ  ਆਖਾਂ  ਗੱਲ  ਦਾ  ਬੁਰਾ ਮਨਾਈ ਨਾਂ
 ਚੁੰਨੀ ਤੇਰੇ ਤਾਜ  ਹੈ ਸਿਰ  ਦਾ  ਸਿਰ  ਤੋਂ ਚੁੰਨੀ   ਲਾਹੀਂ ਨਾਂ

ਫੈਸਨ ਦੀ  ਪੈ  ਮਾਰ ਤੇਰੇ ਤੇ  ,ਤਨ ਤੋਂ ਕਪੜਾ ਘਟ ਚਲਿਆ,
ਸ਼ਾਨ ਦੁਪੱਟਾ ਸਿਰ  ਦੀ ਸੀ  ਜੋ  ਕਿਓਂ ਸਿਰਾਂ ਤੋਂ ਹਟ ਚੱਲਿਆ ,        
ਸਿਰ   ਸੋਹੇ   ਸੋਹੀ  ਫੁਲਕਾਰੀ ,ਸਿਰੋੰ ਇਹਨੂੰ ਸਰਕਾਈ   ਨਾਂ ,
ਚੁੰਨੀ ਤੇਰੇ  ਤਾਜ  ਹੈ ..........

ਅਣਖ ਸਿਦਕ ਹੈ ਵੱਡਾ ਗਹਿਣਾ  ਰਖੀਂ ,ਮੇਰੀ ਗੱਲ  ਯਾਦ  ਕੁੜੇ,
ਮਾਣ   ਹੈਂ  ਤੂੰ ਬਾਬਲ ਦੀ  ਪੱਗ ਦਾ ,ਘਰ  ਦੀ  ਹੈਂ ਜਾਇਦਾਦ ਕੁੜੇ ,
ਟੋਹਰ ਇਜ਼ਤ ਦੇ  ਨਾਲ  ਹੁੰਦੀ  ,ਏ   ਇਜ਼ਤ ,ਕਦੇ  ਗਵਾਈ ਨਾਂ  ,
ਚੁੰਨੀ  ਤੇਰੇ  ਤਾਜ  ਹੈ ਸਿਰ  ਦਾ  ਸਿਰ  ਤੋਂ  ਚੁੰਨੀ  ਲਾਹੀ  ਨਾਂ

 ਤੂੰ ਪੰਜਾਬਣ   ,ਟੋਹਰ ਹੈ ,ਵਖਰੀ,ਗੱਲ  ਕਿਓਂ ,ਇਹ  ਵਿਸਾਰੀ ਤੂੰ ,
ਵਿਚ ਤ੍ਰਿਝਨਾ,  ਰੋਣਕ  ਨਹੀਓਂ ਲੈ  ਕਿਥੇ ਉਡਾਰੀ  ਤੂੰ ,
"ਪ੍ਰੀਤ" ਤਾਂ ਤੇਰੇ  ਹਿੱਤ ਨੂੰ  ਲਿਖਦਾ ਤੂੰ  ਕੰਨੀ  ਕਤਰਾਈ ਨਾਂ ,
ਚੁੰਨੀ ਤੇਰੇ  ਤਾਜ  ਹੈ  ਸਿਰ  ਦਾ, ਸਿਰ  ਤੋਂ  ਚੁੰਨੀ  ਲਾਹੀ ਨਾਂ ,
ਸਿਰ  ਤੋਂ  ਚੁੰਨੀ  ਲਾਹੀ  ਨਾਂ |
..............

Thursday, March 4, 2010

ਇਬਾਦਤ ਵਰਗਾ ਰਾਗ -ਸ਼ਿਵਚਰਨ ਜੱਗੀ ਕੁੱਸਾ

ਇਬਾਦਤ ਵਰਗਾ ਰਾਗ    -ਸ਼ਿਵਚਰਨ ਜੱਗੀ ਕੁੱਸਾ

ਤੇਰੀ ਰੂਹ ਨਿਰਮਲ, ਮਨੋਬਿਰਤੀ ਨਿਰਛਲ
ਤੇ ਤੇਰੀ ਸੋਚ ਨਿਰਕਪਟ, ਤੇਰਾ ਹਿਰਦਾ ਕੋਮਲ਼
..ਉਸ ਸਰਦ, ਚੰਨ-ਚਾਨਣੀ ਰਾਤ ਨੂੰ,
ਜਦ ਤੇਰੇ ਝੀਲ ਵਰਗੇ ਨੇਤਰਾਂ 'ਚ
ਨੀਝ ਲਾ ਕੇ ਤੱਕਿਆ ਮੈਂ,
ਤਾਂ ਮੈਨੂੰ
ਤੇਰੇ ਮਿਰਗ ਨੈਣਾਂ ਵਿਚ,
ਝਿਲਮਲਾਉਂਦੇ ਦਿਸੇ
ਮੋਹ ਦੇ ਚੰਨ ਅਤੇ ਸਿਤਾਰੇ,
ਜਗਮਗਾਉਂਦੇ ਲੱਗੇ
ਪ੍ਰੀਤ ਦੇ ਮਹਿਲ ਤੇ ਮੁਨਾਰੇ।
ਤੇਰੇ ਧੜਕਦੇ ਦਿਲ ਦਾ ਸੰਗੀਤ
ਮੇਰੀ ਗ਼ਮਾਂ ਦੀ ਪੱਤਝੜ ਨਾਲ਼
ਰੁੰਡ-ਮਰੁੰਡ ਹੋਈ
ਆਤਮਾਂ ਨੂੰ ਸ਼ਰਸ਼ਾਰ ਕਰ ਗਿਆ
ਤੇ ਦੇ ਗਿਆ ਮੋਹ-ਮੁਹੱਬਤ ਦੇ,
ਸਨੇਹ ਦਾ ਸਮਾਧਾਨ!
ਸਰਦ ਕਣੀਆਂ ਦੀ ਫ਼ੁਹਾਰ ਛਿੜਕ ਗਿਆ,
ਮੇਰੀ ਕਰੰਡ ਹੋਈ ਰੂਹ 'ਤੇ
ਹਮਦਰਦੀ ਦੀ ਮੱਲ੍ਹਮ ਲਾ ਗਿਆ ਮੇਰੇ,
ਫ਼ੱਟੜ ਹੋਏ ਪ੍ਰਾਣਾਂ 'ਤੇ
ਸੁਣਾ ਗਿਆ ਮੈਨੂੰ ਫ਼ੱਕਰ-ਫ਼ਕੀਰਾਂ ਦੀ,
ਇਬਾਦਤ ਵਰਗਾ ਰਾਗ
ਅਤੇ
ਮੈਨੂੰ ਇਸ਼ਕ ਦੇ ਰੰਗ-ਰਸ ਦੀ,
ਦੀ ਦੀਦ ਵੀ ਦਿਖਾ ਗਿਆ।
.....
ਚਿਰਾਂ ਤੋਂ ਭਟਕਦਾ ਫ਼ਿਰਦਾ ਸੀ
ਸੁੰਨੇ ਦਿਲ ਦੀ ਮਛਕ ਚੁੱਕੀ,
ਕਿਸੇ ਰੋਹੀ-ਬੀਆਬਾਨ ਵਿਚ
ਅੱਠੇ ਪਹਿਰ ਰਹਿੰਦਾ ਸੀ,
ਕਿਸੇ ਨੀਰਨੁਮਾਂ ਸਖ਼ੀ ਦੀ ਭਾਲ਼ ਵਿਚ!
ਪਰ ਕੀ ਪਤਾ ਸੀ?
ਕਿ ਤੂੰ ਤਾਂ ਮੈਨੂੰ ਮਿਲੇਂਗੀ
ਮਿਰਗ ਦੀ ਕਸਤੂਰੀ ਵਾਂਗ,
ਆਪਣੀ ਹੀ 'ਨਾਭੀ' ਵਿਚੋਂ!
ਜਦ ਤੇਰੀ ਉਪਕਾਰੀ ਝਲਕ
ਪਈ ਮੇਰੇ ਜ਼ਿਹਨ ਦੇ ਪਰਦੇ 'ਤੇ
ਤਾਂ ਮੈਨੂੰ ਸੰਯੋਗ ਦੇ ਅਰਥ ਸਮਝ ਆ ਗਏ।
ਤੇ ਮੇਰੇ ਵਿਰਾਨ ਫ਼ਿਰਦੇ ਦਿਮਾਗ ਦੇ,
ਜਿਉਣ ਜੋਕਰੀਏ, ਕਪਾਟ ਖੁੱਲ੍ਹ ਗਏ
ਅਤੇ ਮੇਰੀ ਵਰ੍ਹਿਆਂ ਦੀ ਤੜਪ,
ਸਦੀਵੀ ਆਨੰਦ ਵਿਚ ਬਦਲ ਗਈ!
.....
ਜਦ ਮੈਂ ਅੱਖਾਂ ਮੀਟ ਸਿਜ਼ਦਾ ਕੀਤਾ
ਤੇਰੀ ਸ੍ਰੇਸ਼ਠ ਰੂਹ ਨੂੰ,
ਤਾਂ ਦਰਸ਼ਣ ਹੋਏ ਮੈਨੂੰ
ਤੇਰੇ ਮਨ ਅੰਦਰਲੀ ਜੰਨਤ ਦੇ,
ਤਾਂ ਮੈਨੂੰ
ਬ੍ਰਹਿਮੰਡ ਦੀਆਂ ਸੱਤੇ ਬਹਿਸ਼ਤਾਂ
ਨਜ਼ਰ ਪਈਆਂ
ਤੇ ਅਨੇਕਾਂ ਧਰੂ-ਤਾਰਿਆਂ ਨੇ
ਅਚੇਤ ਹੀ ਗਲ਼ਵਕੜੀ ਆ ਪਾਈ।
ਤੇਰੇ ਹੋਠਾਂ ਤੋਂ ਕਿਰੀ ਮੁਸਕਾਨ,
ਮੇਰੀ ਸੱਖਣੀ ਝੋਲ਼ੀ ਭਰ ਗਈ।
ਤੇ ਮੈਂ ਸ਼ੁਕਰਗੁਜ਼ਾਰ ਨਜ਼ਰਾਂ ਨਾਲ਼,
ਅਰਸ਼ਾਂ ਵੱਲ ਝਾਤੀ ਮਾਰੀ,
ਤਾਂ ਤੇਰੀ ਰਹਿਮਤ ਦੇ ਭੰਡਾਰ
ਮੇਰੇ ਕਲ਼ਾਵੇ ਡਿੱਗਣ ਲਈ
ਅਭਿਲਾਸ਼ੀ ਸਨ।
.....
ਕਦੇ ਕਦੇ ਮੈਨੂੰ ਇਕ ਗੱਲ ਦੀ
ਸਮਝ ਨਹੀਂ ਪੈਂਦੀ,
ਕਿ ਹਜ਼ਾਰਾਂ ਸਾਲ ਰਿਖ਼ੀ-ਮੁਨੀ
ਕਰਦੇ ਰਹੇ ਜਪ-ਤਪ ਅਤੇ ਸੰਜਮ
ਜੰਗਲ-ਬੇਲਿਆਂ ਵਿਚ, ਰੁੱਖਾਂ ਹੇਠ ਬੈਠ
ਅਤੇ ਲਾਉਂਦੇ ਰਹੇ ਲਗਨ,
ਉਸ ਇਲਾਹੀ ਸਿਰਜਣਹਾਰ ਨੂੰ ਪਾਉਣ ਖਾਤਰ,
ਕੀ ਉਹਨਾਂ ਨੂੰ ਵੀ,
ਉਤਨਾਂ ਹੀ ਸਕੂਨ ਆਉਂਦਾ ਹੋਵੇਗਾ,
ਜਿੰਨਾਂ ਮੈਨੂੰ, ਤੇਰੇ ਦੀਦਾਰ ਕਰ ਕੇ ਆਉਂਦੈ?
ਕੀ ਉਹਨਾਂ ਨੂੰ ਵੀ,
ਮੁਕਤੀ ਪਾਉਣ ਦੀ ਉਤਨੀ ਹੀ ਅਪੇਖਿਆ
ਅਤੇ ਬੇਸਬਰੀ ਹੈ,
ਜਿੰਨੀ ਮੈਨੂੰ ਤੇਰੀ ਗਲਵਕੜੀ ਦੀ ਰਹਿੰਦੀ ਹੈ?
ਜੇ ਤੂੰ ਇਸ ਦੀ ਪ੍ਰੀਭਾਸ਼ਾ ਪੁੱਛੇਂ,
ਤਾਂ ਮੈਂ ਇਸ ਦਾ ਨਿਰੂਪਣ ਨਹੀਂ ਕਰ ਸਕਦਾ,
ਇਹ ਤਾਂ ਮਣੀ 'ਤੇ ਬੈਠੇ ਨਾਗ ਵਾਂਗ,
ਅਨੁਭਵ ਹੀ ਵੱਖਰਾ ਹੈ!
ਸੂਰਜ ਚੰਦਰਮਾਂ ਤਾਂ
ਇਕ ਦੂਜੇ ਦੇ ਲੈਣ-ਦੇਣਦਾਰ ਹਨ
ਪਰ ਆਪਾਂ ਤਾਂ ਵਿਸ਼ਾਲ ਆਕਾਸ਼ ਦੀ
ਬੁੱਕਲ਼ ਵਿਚ ਬਿਰਾਜੇ ਚਮਕਦੇ ਤਾਰਿਆਂ ਵਾਂਗ,
ਇਕ ਦੂਜੇ ਦੇ 'ਪੂਰਕ' ਹਾਂ!
.....
ਪ੍ਰੇਮ ਕਰਨ ਵਾਲ਼ਿਆਂ ਦੇ ਡੇਰੇ
ਜੱਗ ਦੀ ਸ਼ਰ੍ਹਾਅ ਤੋਂ ਦੂਰ ਹੀ ਹੁੰਦੇ ਨੇ
ਤੇ ਯਾਰਾਂ ਦੀ ਹੁੰਦੀ ਹੈ ਵੱਖਰੀ ਮਸੀਤ!
ਜੱਗ ਦੀਆਂ ਕਮੰਡਲ਼ੀਆਂ ਅੱਖਾਂ,
ਲੈਂਦੀਆਂ ਨੇ ਪ੍ਰਹਿਲਾਦ ਵਰਗਿਆਂ ਤੋਂ,
ਤੱਤੇ ਥੰਮ੍ਹ 'ਤੇ ਚਾੜ੍ਹ ਪ੍ਰੀਖਿਆ
ਤੇ ਜਾਂ ਹੋਲਿਕਾ ਵਾਂਗ, ਬੁੱਕਲ਼ ਵਿਚ ਬਿਠਾ,
ਅਗਨੀ 'ਚ ਸਾੜਨਾਂ ਲੋਚਦੇ ਨੇ!
ਪਰ ਜਿੰਨ੍ਹਾਂ ਅੰਦਰ ਸੱਚੀ ਤੜਪ ਹੋਵੇ,
ਉਹ ਤਾਂ ਸੱਜਣ ਨੂੰ ਪੱਥਰ ਵਿਚੋਂ ਵੀ
ਪਾ ਲੈਂਦੇ ਨੇ!
ਡੁੱਬਦੇ ਪੱਥਰਾਂ ਨੂੰ ਤਾਰਨ ਦੀ
ਸਮਰੱਥਾ ਵੀ ਉਹੀ ਰੱਖਦੇ ਨੇ,
ਜਿੰਨ੍ਹਾਂ ਅੰਦਰ ਸਾਧਨਾਂ ਦੀ ਲਿਵ ਹੁੰਦੀ ਹੈ!
......
ਪੁੱਛਣਾ ਹੋਵੇ ਬਲੀ ਚੜ੍ਹਨ ਵਾਲ਼ੇ ਬੱਕਰੇ ਨੂੰ,
ਕਿ ਕੀ ਤੈਨੂੰ ਸੁਣਦੀਆਂ ਨੇ
ਪੜ੍ਹੀਆਂ ਜਾਣ ਵਾਲ਼ੀਆਂ ਕਲਮਾਂ?
ਯਾਦ ਆਉਂਦੇ ਨੇ ਤੈਨੂੰ
ਪਿੱਛੇ ਛੱਡ ਜਾਣ ਵਾਲ਼ੇ ਰਿਸ਼ਤੇ?
ਰੱਬ ਨੂੰ ਖ਼ੁਸ਼ ਕਰਨ ਵਾਲ਼ਿਆਂ ਦਾ ਸਿਧਾਂਤ
ਜੀਭ ਦੇ ਚਸਕੇ ਦੀ ਲਾਲਸਾ ਹੀ ਰੱਖਦਾ ਹੈ?
ਜਾਂ ਸਿਰਫ਼ ਤੇਰੇ ਗਲ਼ ਤੇ ਫ਼ਿਰਨ ਵਾਲ਼ੀ ਛੁਰੀ ਦੀ,
ਬਿਰਥਾ ਹੀ ਪੀੜ ਦੀ ਧੁਨੀ ਸੁਣਾਉਂਦੀ ਹੈ?
ਪੁੱਛੀਂ ਕਦੇ ਸ਼ਮਸ ਤਬਰੇਜ਼ ਨੂੰ
ਕਿ ਤੈਨੂੰ ਪੁੱਠੀ ਖੱਲ ਲੁਹਾਉਣ ਤੋਂ ਬਾਅਦ,
'ਅਨ-ਉੱਲ-ਹੱਕ' ਉਚਾਰਨ ਦੀ
ਦ੍ਰਿੜਤਾ ਕਿਸ ਨੇ ਦਿੱਤੀ ਸੀ?
.....
ਬਰਸਾਂ ਤੋਂ ਪਿਆਸਾ, ਜਦ ਤੇਰੇ ਖ਼ੂਹ 'ਤੇ ਆਇਆ
ਮੌਣ 'ਤੇ ਆ ਕੇ ਵੇਖਿਆ,
ਨਿਰਮਲ ਪਾਣੀ ਨੇ ਮੈਨੂੰ ਦਾਅਵਤ ਦਿੱਤੀ
ਤੇ ਜਤਾਈ ਆਪਣੀ ਹਾਰਦਿਕ ਅਪਣੱਤ
ਤਾਂ ਮੈਂ ਯੁੱਗਾਂ-ਜੁਗਾਂਤਰਾਂ ਦੀ ਤ੍ਰਿਖ
ਤੇਰੇ ਮੁਬਾਰਕ ਬੁੱਕਾਂ ਵਿਚੋਂ ਬੁਝਾਈ!
ਦੁਨੀਆਂ ਕਿਸੇ 'ਇਕ' ਸੱਜਣ ਦੇ
ਲੜ ਲੱਗ ਕੇ ਤੁਰ ਪਵੇ,
ਤਮਾਮ ਝਗੜੇ-ਝੇੜੇ ਹੀ ਖ਼ਤਮ ਹੋ ਜਾਣ!
ਰਹਿਣ ਨਾ 'ਤੇਰ-ਮੇਰ' ਤੇ ਸੀਮਾਵਾਂ
...ਤੇ ਖ਼ਤਮ ਹੋ ਜਾਵੇ 'ਮੈਂ-ਤੂੰ'
ਤੇਰੀ ਬੁੱਕਲ਼ ਦਾ ਨਿੱਘ ਮੈਨੂੰ
ਕਿਸੇ ਦੀ ਅਰਾਧਨਾਂ ਦੀ ਹੀ ਤਾਂ ਯਾਦ ਦਿਵਾਉਂਦਾ ਹੈ!
.............

ਮਾਂ ਦਾ ਇਕ ਸਿਰਨਾਵਾਂ -ਰਵਿੰਦਰ ਰਵੀ

ਮਾਂ ਦਾ ਇਕ ਸਿਰਨਾਵਾਂ  -ਰਵਿੰਦਰ ਰਵੀ

ਅੱਕ ਕੱਕੜੀ ਦੇ ਫੰਬੇ ਖਿੰਡੇ,
ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ 'ਚ ਉੱਡੇ, ਭਟਕੇ –
ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ ਬਾਹਰ –
ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ 'ਚੋਂ ਮਮਤਾ ਢੂੰਡਣ,
ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,
ਅੱਜ ਜੜ੍ਹ ਦਾ ਸਿਰਨਾਵਾਂ!
ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,
ਲੱਥੇ ਵਿਚ ਖਲਾਵਾਂ!
ਮਾਂ-ਭੋਂ ਬਾਝੋਂ, ਕਿੱਥੇ ਪੱਲ੍ਹਰਣ?
ਸਭ ਬੇਗਾਨੀਆਂ ਥਾਵਾਂ!
ਮੋਹ-ਮਾਇਆ ਦੇ ਕਈ ਸਿਰਨਾਵੇਂ,
ਮਾਂ ਦਾ ਇਕ ਸਿਰਨਾਵਾਂ!!!
................