Tuesday, March 23, 2010

ਮਿੰਨੀ ਕਵਿਤਾਵਾਂ -ਰਵਿੰਦਰ ਰਵੀ

ਮਿੰਨੀ ਕਵਿਤਾਵਾਂ   -ਰਵਿੰਦਰ ਰਵੀ

੧.
ਜਦੋਂ ਕੁਰਸੀ 'ਤੇ ਬੈਠਣ ਵਾਲਾ ਚਲੇ ਗਿਆ,
ਤਾਂ ਕੁਰਸੀ ਮੇਜ਼ ਤੋਂ ਨੀਵੀਂ ਹੋ ਗਈ!
੨.
ਖੋਤੇ ਕੋਲ ਇੱਕੋ ਸਵਾਲ ਸੀ, ਮਨੁੱਖ ਕੋਲ ਇੱਕੋ ਜਵਾਬ,
ਮਨੁੱਖ ਖੋਤੇ ਵਲ ਤੱਕਦਾ ਰਿਹਾ ਤੇ ਖੋਤਾ ਮਨੁੱਖ ਵਲ!
੩.
ਉਸ ਨੇ ਤਿੰਨ ਵਾਰ ਗਊ ਨੂੰ, "ਗਊ" ਕਿਹਾ,
ਗਊ ਨੇ ਸੁਣਿਆਂ, ਤੱਕਿਆ ਪਰ "ਆਦਮੀਂ" ਨਾ ਕਿਹਾ!
੪.
ਜਦੋਂ ਸੜਕ ਪਾਟ ਜਾਏ ਉੱਬਲਦੀ ਝੀਲ ਵਿਚਕਾਰ,
ਤਾਂ ਉਡਾਰੀ ਮਾਰਨ ਵਾਲੇ 'ਤੇ ਅਸਮਾਨ ਢਹਿ ਪੈਂਦਾ ਹੈ!
੫.
ਫੁੱਲਾਂ 'ਚ ਹੱਸਣ ਵਾਲੇ ਸ਼ਬਨਮ ਕਿਉਂ ਬਣਦੇ ਹਨ?
੬.
ਜਦੋਂ ਪਾਲਤੂ ਨੂੰ ਪੈਰ ਚੱਟਣ ਲਈ ਕਿਹਾ, ਤਾਂ ਉਸ ਨੇ ਪੂਛ ਹਿਲਾਈ!
ਜਦੋਂ ਉਸਨੂੰ ਪੂਛ ਹਿਲਾਉਣ ਲਈ ਕਿਹਾ, ਤਾਂ ਉਸਨੇ ਪੈਰ ਚੱਟੇ!
ਸ਼ਰਕਾਰ ਪਾਲਤੂ ਨੂੰ ਪਾਲਤੂ ਰੱਖਣ ਲਈ, ਵਿਧਾਨ 'ਚ ਸ਼ੰਸ਼ੋਧਨ ਕਰ ਰਹੀ ਹੈ!

੭.
ਜਦੋਂ ਥਲ ਨੇ ਸਮੁੰਦਰ ਦੀ ਭਾਸ਼ਾ ਸਿੱਖੀ,
ਤਾਂ ਉਸ ਦੇ ਨਿੱਕੇ ਨਿੱਕੇ ਸਗਲੇ ਸੂਰਜ ਬੁਝ ਗਏ!
੮.
ਸਮਾਂ ਗਲੋਬ ਨੂੰ ਘੁਮਾਉਂਦਾ ਰਿਹਾ ਤੇ ਗਲੋਬ ਮਨੁੱਖ ਨੂੰ,
ਜੋ ਤੁਰੇ ਸਨ, ਉਹ ਕਿਤੇ ਪਹੁੰਚੇ ਨਹੀਂ,
ਜੋ ਖੜ੍ਹੇ ਰਹੇ, ਉਹ ਪਹੁੰਚ ਗਏ!

ਸ਼ੋਰ
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!
ਦੁਨੀਆਂ ਆਉਂਦੀ ਹੈ,
ਮੇਰੇ 'ਚੋਂ ਰੋਜ਼ ਲੰਘਦੀ ਹੈ,
ਇਕ ਭੀੜ ਜਿਹੀ –
ਐਟਮ ਤੋਂ ਐਟਮ-ਧੂੜ ਤਕ,
ਫੈਲਦੀ, ਫਟਦੀ, ਬਿਖਰ ਜਾਂਦੀ!
ਨਹੀਂ,
ਨਹੀਂ ਮਿਲਦਾ,
ਸਬੂਤਾ ਆਪ ਨਹੀਂ ਮਿਲਦਾ!
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!!!
********

No comments:

Post a Comment