ਬਾਪੂ -ਇੰਦਰਜੀਤ ਪੁਰੇਵਾਲ
ਫੋਨ ਉੱਤੇ ਭੈਣ ਮੇਰੀ ਦੱਸਿਆ ਸੀ ਮੈਨੂੰ,
ਸਾਇਆ ਬਾਪ ਦਾ ਨਾ ਸਿਰ ਤੇ ਰਿਹਾ।
ਕੱਲ ਰਾਤੀਂ ਭੌਰ ਉਹਦਾ ਉੱਡ ਗਿਆ ਵਜ਼ੂਦ ਵਿੱਚੋਂ,
ਸਾਹ ਜ਼ਿੰਦਗੀ ਦਾ ਆਖਰੀ ਲਿਆ।
ਅੱਧੀ-ਅੱਧੀ ਰਾਤੀਂ ਉੱਠ 'ਵਾਜਾਂ ਤੈਨੂੰ ਮਾਰਦਾ ਸੀ,
ਉਹਦਾ ਜਾਂਦਾ ਨਹੀਂ ਸੀ ਦਰਦ ਸਹਿਆ।
ਬੜਿਆਂ ਦਿਨਾਂ ਤੋਂ ਬਾਪੂ ਯਾਦ ਤੈਨੂੰ ਕਰਦਾ ਸੀ,
ਜਾਂਦੀ ਵਾਰੀ ਨਾਮ ਤੇਰਾ ਹੀ ਲਿਆ।
ਇੱਕ ਵਾਰੀ ਆਕੇ ਮੈਨੂੰ ਮਿਲ ਕਿਉਂ ਨਹੀਂ ਜਾਂਦਾ,
ਉਹਨੇ ਕਈ ਵਾਰੀ ਮਾਂ ਨੂੰ ਕਿਹਾ।
ਆਖਦਾ ਹੁੰਦਾ ਸੀ ਲੋਕੀਂ ਵਤਨਾਂ ਨੂੰ ਆਉਂਦੇ,
ਉਹਦਾ ਕਿਉਂ ਨਹੀਂ ਜ਼ਹਾਜ਼ ਉਡਿੱਆ।
ਤੇਰੀਆਂ ਉਡੀਕਾਂ ਵਿੱਚ ਤੁਰ ਗਿਆ ਬਾਪੂ,
ਵੀਰਾ ਕਾਹਨੂੰ ਪਰਦੇਸ ਤੂੰ ਗਿਆ।
ਮਾਂ ਦੀਆਂ ਅੱਖੀਆਂ 'ਚੋਂ ਹੰਝੂ ਮੁੱਕ ਗਏ,
ਉਹ ਵੀ ਨਦੀ ਕੰਢੇ ਰੁੱਖੜਾ ਪਿਆ।
ਰੋਇਆ ਵੀ ਨਾ ਗਿਆ ਮੇਰਾ ਦੁੱਖ ਕਿਸੇ ਵੰਡਿਆ ਨਾ,
ਮੈਂ ਵਿੱਚੋ-ਵਿੱਚ ਹੰਝੂ ਪੀ ਗਿਆ।
ਉਂਗਲੀ ਫੜਾ ਕੇ ਜਿੰਨੇ ਤੁਰਨਾ ਸਿਖਾਇਆ,
ਅੱਜ ਕਿਹੜੇ ਪਾਸੇ ਤੁਰ ਉਹ ਗਿਆ।
ਬਾਰਾਂ ਸਾਲ ਪਹਿਲਾਂ ਮੈਨੂੰ ਦਿੱਲੀਓਂ ਸੀ ਵਿਦਾ ਕੀਤਾ,
ਖੁਦ ਦੁਨੀਆਂ ਤੋਂ ਵਿਦਾ ਹੋ ਗਿਆ।
ਡਾਲਰਾਂ ਨੇ ਤੋੜਤੀਆਂ ਮੋਹ ਦੀਆਂ ਤੰਦਾਂ,
ਉਹਦਾ ਮੂੰਹ ਵੀ ਨਾ ਵੇਖਿਆ ਗਿਆ।
ਖੱਟਿਆ ਤੂੰ ਪੈਸਾ ਮਨਾ ਬਲੀ ਦੇ ਕੇ ਨਾਤਿਆਂ ਦੀ,
ਮੈਨੂੰ ਮੇਰੀ ਹੀ ਜ਼ਮੀਰ ਨੇ ਕਿਹਾ।
ਭੁੱਬਾਂ ਮਾਰ ਰੋ ਭਾਂਵੇਂ ਮਣ-ਮਣ ਹੰਝੂ ਕੇਰ,
ਉੱਥੇ ਗਿਆ ਨਾ ਕਦੇ ਕੋਈ ਮੁੜਿਆ।
ਧੀਆਂ-ਪੁੱਤਾਂ ਤਾਂਈ ਲੋੜ ਹੁੰਦੀ ਸਦਾ ਮਾਪਿਆਂ ਦੀ,
'ਪੁਰੇਵਾਲ' ਐਂਵੇ ਨਹੀਂ ਸਿਆਣਿਆਂ ਕਿਹਾ।
...............
No comments:
Post a Comment