Thursday, February 11, 2010

ਚਾਰ ਕਵਿਤਾਵਾਂ -ਸੁਖਿੰਦਰ

ਚਾਰ ਕਵਿਤਾਵਾਂ   -ਸੁਖਿੰਦਰ
 
1.
ਸੰਭਾਵਨਾਵਾਂ

ਅਜੋਕੇ ਸਮਿਆਂ ਵਿੱਚ
ਕੁਝ ਵੀ ਵਾਪਰ ਸਕਦਾ ਹੈ-

ਆਦਮੀ ਦੇ ਘਰ
ਬਾਂਦਰ ਪੈਦਾ ਹੋ ਸਕਦਾ ਹੈ
ਕੁੱਤਾ, ਬਘਿਆੜ, ਖੋਤਾ ਜਾਂ
ਇਹੋ ਜਿਹਾ, ਕੁਝ ਵੀ ਹੋਰ

ਕੋਈ ਇਹ ਵੀ ਆਖ ਸਕਦਾ ਹੈ:
ਆਦਮੀ ਦੇ ਘਰ
ਭਾਵੇਂ, ਹੋਰ ਜੋ ਕੁਝ ਮਰਜ਼ੀ ਜੰਮ ਪਵੇ
ਪਰ, ਮਗਰਮੱਛ ਜਾਂ ਸੱਪ
ਨਹੀਂ ਜੰਮ ਸਕਦਾ

ਪਰ ਤਰਕਵਾਦੀ
ਇਸ ਗੱਲ ਦਾ ਵੀ ਉੱਤਰ
ਢੂੰਡ ਲੈਣਗੇ-

ਵੇਖਣ ਨੂੰ ਭਾਵੇਂ
ਆਦਮੀ ਦੇ ਘਰ ਜੰਮਿਆਂ ਬੱਚਾ
ਮਨੁੱਖ ਹੀ ਲੱਗਦਾ ਹੋਵੇ
ਗੱਲਬਾਤ ਵਿੱਚ ਭਾਵੇਂ
ਮਨੁੱਖਾਂ ਵਾਲੀ ਸ਼ਬਦਾਵਲੀ ਹੀ
ਵਰਤਦਾ ਹੋਵੇ

ਪਰ ਉਸ ਦੀਆਂ ਹਰਕਤਾਂ
ਉਸ ਦੀ ਚਾਲ ਢਾਲ
ਆਪਣੇ ਆਪ ਹੀ ਬੋਲ ਪੈਣਗੇ

ਸ਼ਕਲਾਂ ਤਾਂ, ਮਹਿਜ਼
ਭਰਮ ਜਾਲ ਹੀ ਹੁੰਦੀਆਂ ਹਨ
ਤੁਹਾਨੂੰ ਉਲਝਾਈ ਰੱਖਣ ਲਈ-

ਹਕੀਕਤ ਅਤੇ ਭਰਮ ਦਰਮਿਆਨ
ਰੇਤ ਦੀ ਉਸਰੀ ਕੰਧ ਵਾਂਗ਼
.......
2.
ਪੁੱਠਾ ਗੇੜ 

ਇਤਿਹਾਸ ਨੂੰ ਪੁੱਠਾ ਗੇੜ ਦੇਣ ਵਾਲੇ ਕਿਰਦਾਰ
ਮੁੜ, ਮੁੜ ਆਉਂਦੇ ਹਨ-

ਹਰ ਵਾਰ, ਉਨ੍ਹਾਂ ਦੇ ਚਿਹਰੇ ਉੱਤੇ
ਕੋਈ ਨਵਾਂ ਮੁਖੌਟਾ ਸਜਿਆ ਹੁੰਦਾ ਹੈ

ਪਰ, ਉਨ੍ਹਾਂ ਦੇ ਨਾਹਰੇ ਨਹੀਂ ਬਦਲੇ:
ਸਿਰਫ ਹਿੰਦੂਆਂ ਲਈ
ਸਿਰਫ ਸਿੱਖਾਂ ਲਈ
ਸਿਰਫ ਮੁਸਲਮਾਨਾਂ ਲਈ
ਸਿਰਫ ਯਹੂਦੀਆਂ ਲਈ
ਸਿਰਫ ਈਸਾਈਆਂ ਲਈ

ਸਦੀਆਂ ਬੀਤ ਜਾਣ ਬਾਹਦ ਵੀ
ਉਨ੍ਹਾਂ ਦੇ ਬੰਦ ਦਿਮਾਗ਼ਾਂ ਦੇ ਬੂਹੇ ਨਹੀਂ ਖੁੱਲ੍ਹੇ
ਉਹ, ਅਜੇ ਵੀ, ਇਨਸਾਨ ਨਹੀਂ ਬਣ ਸਕੇ

ਧਰਮ ਧਰਮ ਕੂਕਦੇ, ਉਹ
ਨਿੱਕੀਆਂ ਨਿੱਕੀਆਂ ਬੱਚੀਆਂ ਦੇ ਢਿੱਡਾਂ ਵਿੱਚ
ਛੁਰੇ ਘੋਪ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀ ਮਾਂ ਜਿਹੀ ਔਰਤ ਦਾ
ਬਲਾਤਕਾਰ ਕਰ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀਆਂ ਹੀ ਮਾਸੂਮ ਧੀਆਂ ਦੇ
ਜਿਸਮਾਂ ਦੇ ਟੁੱਕੜੇ ਟੁੱਕੜੇ ਕਰਕੇ
ਤੰਦੂਰ ਵਿੱਚ ਬਾਲਣ ਬਣਾ ਬਾਲ ਦਿੰਦੇ ਹਨ

ਕੁਝ ਵੀ ਨਹੀਂ ਬਚਿਆ
ਇਨ੍ਹਾਂ ਮੁਖੌਟਾਧਾਰੀ ਕਿਰਦਾਰਾਂ ਤੋਂ-

ਰੇਡੀਓ, ਟੀਵੀ, ਇੰਟਰਨੈੱਟ
ਅਖਬਾਰਾਂ, ਮੈਗਜ਼ੀਨ
ਸਕੂਲ, ਕਾਲਿਜ, ਯੂਨੀਵਰਸਿਟੀਆਂ
ਦਫ਼ਤਰ, ਘਰ, ਸ਼ਾਪਿੰਗ ਪਲਾਜ਼ੇ

ਹਰ ਜਗ੍ਹਾ ਹੀ, ਇਹ
ਦਨਦਨਾਂਦੇ ਫਿਰਦੇ ਹਨ

ਕਿਸੇ ਦੇਸ਼ ਦੀ ਖੁਫੀਆ ਫੌਜ ਦੇ
ਸਿਪਾਹੀਆਂ ਵਾਂਗ-
ਕਾਰਾਂ, ਵੈਨਾਂ, ਟਰੱਕਾਂ 'ਚ ਲੁਕੇ ਬੈਠੇ
ਆਪਣੇ ਮਨਾਂ 'ਚ ਪਲ ਰਹੇ
ਨਫਰਤ ਦੇ ਕੀਟਾਣੂੰਆਂ ਦੀ
ਉਲਟੀ ਕਰਨ ਲਈ
.........


3.
ਚਿੜੀਆਂ 

ਫੁਰ ਫੁਰ ਕਰਦੀਆਂ ਚਿੜੀਆਂ ਵਾਂਗ
ਉੱਡਦੀਆਂ ਫਿਰਦੀਆਂ ਕੁੜੀਆਂ
ਸਹਿਜੇ ਹੀ ਫਸ ਜਾਂਦੀਆਂ ਨੇ
ਸ਼ਿਕਾਰੀਆਂ ਦੇ ਸੁੱਟੇ ਹੋਏ ਜਾਲ ਵਿੱਚ

ਲਾਹੌਰ ਦੀ ਹੀਰਾ ਮੰਡੀ ਹੋਵੇ
ਜਾਂ ਟੋਰਾਂਟੋ ਦੀ ਯੰਗ ਸਟਰੀਟ
ਵੈਨਕੂਵਰ ਦੇ ਸਟਰਿਪਟੀਜ਼ ਕਲੱਬ ਹੋਣ
ਜਾਂ ਦਿੱਲੀ ਦੀ ਜੀ.ਬੀ. ਰੋਡ
ਹਰ ਜਗ੍ਹਾ ਹੀ ਰੁਲ ਰਹੀਆਂ ਨੇ
ਘਰਾਂ 'ਚੋਂ ਵਰਗਲਾ ਕੇ
ਲਿਆਂਦੀਆਂ ਹੋਈਆਂ, ਮਾਸੂਮ
ਅਤੇ ਭੋਲੀਆਂ ਭਾਲੀਆਂ ਕੁੜੀਆਂ

ਨਵੇਂ ਯੁੱਗ ਵਿੱਚ ਸ਼ਿਕਾਰੀਆਂ ਨੇ
ਨਵੇਂ ਬਹਾਨੇ ਲੱਭ ਲਏ ਹਨ
ਇਨ੍ਹਾਂ ਚਿੜੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਣ ਲਈ

ਬੇਗਾਨੇ ਦੇਸ਼ਾਂ ਵਿੱਚ
ਚੰਗੀਆਂ ਨੌਕਰੀਆਂ ਦਵਾਉਣ ਦਾ ਚੋਗਾ ਸੁੱਟ
ਲਿਆ ਬਿਠਾਂਦੇ ਹਨ ਉਨ੍ਹਾਂ ਨੂੰ
ਰੰਡੀਆਂ ਦੇ ਕੋਠਿਆਂ ਉੱਤੇ:
ਮੈਸਾਜ਼ ਪਾਰਲਰਾਂ ਦੇ ਸਾਈਨ ਬੋਰਡ ਲਗਾ ਕੇ
ਕਾਲ ਸੈਂਟਰਾਂ ਦੀਆਂ ਓਪਰੇਟਰਾਂ ਦਾ ਬਹਾਨਾ ਬਣਾ ਕੇ
ਰੇਡੀਓ ਨੀਊਜ਼ਕਾਸਟਰਾਂ ਦਾ ਖੂਬਸੂਰਤ ਲੇਬਲ ਲਗਾ ਕੇ

ਹਰੇਕ ਦੇਸ਼ ਦੀਆਂ ਚਿੜੀਆਂ ਨੂੰ
ਜਾਲ ਵਿੱਚ ਫਸਾਉਣ ਲਈ
ਉਨ੍ਹਾਂ ਕੋਲ, ਕੋਈ ਨਵਾਂ ਫਾਰਮੂਲਾ ਹੁੰਦਾ ਹੈ:
ਭਾਰਤੀ ਚਿੜੀਆਂ ਵਾਸਤੇ
'ਨਰਸਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੁਮਾਨੀਅਨ ਚਿੜੀਆਂ ਵਾਸਤੇ
'ਡਾਂਸਰਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੂਸੀ ਚਿੜੀਆਂ ਵਾਸਤੇ
'ਮਾਲਿਸ਼ ਕਰਨ ਵਾਲੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਪਾਕਿਸਤਾਨੀ ਚਿੜੀਆਂ ਵਾਸਤੇ
'ਪਤਨੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ

ਫੁਰ ਫੁਰ ਕਰਦੀਆਂ ਚਿੜੀਆਂ ਨੂੰ
ਆਪਣੇ ਜਾਲ ਵਿੱਚ ਫਸਾਉਣ ਲਈ
ਵਿਸ਼ਵਮੰਡੀ ਦੇ ਮਕਾਰ ਦਲਾਲਾਂ ਕੋਲ
ਸਤਰੰਗੀ ਪੀਂਘ ਦੇ ਰੰਗਾਂ ਵਰਗੇ
ਰੰਗੀਨ ਸੁਪਣਿਆਂ ਦੇ ਭੰਡਾਰ ਹਨ

ਤੁਹਾਡੀ ਲੋੜ ਨੂੰ ਸਮਝ
ਤੁਹਾਡੀ ਮਜਬੂਰੀ ਨੂੰ ਪਹਿਚਾਣ
ਹਰ ਗਾਹਕ ਨੂੰ
ਆਪਣਾ ਮਾਲ ਵੇਚ ਸਕਣ ਦੀ
ਸਮਰੱਥਾ ਰੱਖਣ ਵਾਲੇ
ਚੁਸਤ ਵਿਉਪਾਰੀਆਂ ਵਾਂਗ
........

4.
ਗਲੋਬਲ ਪਿੰਡ 

ਹੇਤੀ ਵਿੱਚ ਆਈਆਂ
ਭੂਚਾਲ ਦੀਆਂ ਤਰੰਗਾਂ ਨੇ
ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ
ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ

ਹਰ ਕੋਈ ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ
ਆਪਣਾ ਦੁੱਖ ਸਮਝਣ ਲੱਗਾ
ਰਾਜਨੀਤੀਵਾਨ, ਪੱਤਰਕਾਰ, ਲੇਖਕ
ਗਾਇਕ, ਸੰਗੀਤਕਾਰ, ਅਦਾਕਾਰ
ਵਿਸ਼ਵ-ਅਮਨ ਅਤੇ ਖੁਸ਼ਹਾਲੀ ਦੀ
ਬਾਤ ਪਾਉਣ ਲੱਗੇ

ਹਵਾਵਾਂ ਵਿੱਚ ਗੀਤ ਗੂੰਜ ਪਏ:
ਅਸੀਂ ਇੱਕ ਹਾਂ
ਸਾਡਾ ਸੁਪਣਾ ਇੱਕ ਹੈ
ਸਾਡੀ ਖੁਸ਼ੀ ਇੱਕ ਹੈ
ਸਾਡਾ ਦੁੱਖ ਇੱਕ ਹੈ
ਸਾਡਾ ਮਰਨਾ ਇੱਕ ਹੈ
ਸਾਡਾ ਜੀਣਾ ਇੱਕ ਹੈ

ਰੰਗਾਂ ਦੇ ਭੇਦ ਤੋਂ ਉੱਪਰ ਉੱਠ
ਧਰਮਾਂ ਦੀ ਤੰਗ ਵਲਗਣ 'ਚੋਂ ਬਾਹਰ ਆ
ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ
ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ ਬਾਂਬੜਾਂ ਨੂੰ ਬੁਝਾ

'ਅਮਨ' ਅਤੇ 'ਖੁਸ਼ਹਾਲੀ ਸਭਨਾਂ ਲਈ', ਵਰਗੇ
ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ

ਬਦਲ ਰਹੇ ਸਮਿਆਂ ਵਿੱਚ
ਗਲੋਬਲ ਪਿੰਡ ਦਾ
ਇੱਕ ਅਰਥ ਇਹ ਵੀ ਹੈ
..............

No comments:

Post a Comment