Saturday, November 7, 2009

ਨੀਲ ਨਦੀ ਸਿਸਕਦੀ ਹੈ -ਸ਼ਿਵਚਰਨ ਜੱਗੀ ਕੁੱਸਾ

ਨੀਲ ਨਦੀ ਸਿਸਕਦੀ ਹੈ   -ਸ਼ਿਵਚਰਨ ਜੱਗੀ ਕੁੱਸਾ




ਮੈਂ ਦੁਖੀ ਹੋਇਆ ਘਰੋਂ ਨਿਕਲ਼ਿਆ
ਪੈੜੋ-ਪੈੜ ਤੁਰਦਾ ਚਲਾ ਗਿਆ ਦਰਿਆ ਕੋਲ,
ਸੋਚਿਆ,
ਕੋਈ ਆਸਰਾ ਜਾਂ ਧਰਵਾਸ ਦੇਵੇਗਾ
ਤੇ ਧੋ ਸੁੱਟੇਗਾ
ਦਿਲ ਤੋਂ ਮੇਰੇ ਜ਼ਖ਼ਮਾਂ ਦਾ ਸੁੱਕਿਆ ਖ਼ੂਨ!
ਨੁਹਾ ਧੁਆ ਕੇ,
ਨਿਖ਼ਾਰ ਦੇਵੇਗਾ,
ਮੇਰੇ ਧੁਆਂਖੇ ਅਰਮਾਨ!
ਆਪਣੇ ਪਵਿੱਤਰ ਜਲ ਦਾ ਛਿੱਟਾ ਦੇ ਕੇ
ਸੁਰਜੀਤ ਕਰ ਦੇਵੇਗਾ,
ਮੇਰੀਆਂ ਮੁਰਛਤ ਹੋਈਆਂ ਸਧਰਾਂ!
ਨਿੱਘੀ ਗਲਵਕੜੀ ਵਿਚ ਲੈ ਕੇ
ਬਖ਼ਸ਼ੇਗਾ ਮੈਨੂੰ ਆਤਮਿਕ ਬਲ!
ਤੇ ਮੇਰੀਆਂ ਬੁਝਦੀਆਂ ਜਾਂਦੀਆਂ
ਆਸਾਂ ਦੇ ਦੀਵੇ ਵਿਚ,
ਚੋਵੇਗਾ ਰਹਿਮਤ ਦਾ ਤੇਲ!
...ਪਰ ਮੈਂ ਹੈਰਾਨ ਹੋਇਆ,
ਅੱਗਿਓਂ ਦਰਿਆ ਵੀ ਰੋ ਰਿਹਾ ਸੀ!
ਐਡੇ ਵੱਡੇ ਵਿਸ਼ਾਲ ਹਿਰਦੇ ਦਾ ਮਾਲਕ!!
ਮੈਂ ਉਸ ਨੂੰ ਪਹਿਲੀ ਵਾਰ
ਰੋਂਦੇ ਨੂੰ ਤੱਕਿਆ ਸੀ!
ਨਹੀਂ ਤਾਂ ਉਸ ਦੀ ਮਸਤੀ,
ਅਤੇ ਸਿਰੜ ਨੂੰ ਮੈਂ
ਸਿਜ਼ਦਾ ਹੀ ਕੀਤਾ ਸੀ
ਅਤੇ ਕੀਤਾ ਸੀ ਮਾਣ,
ਉਸ ਦੀ ਜ਼ਿੰਦਾ-ਦਿਲੀ 'ਤੇ!
ਕਿਉਂ ਰੋ ਰਿਹੈਂ ਤੂੰ...?
ਮੈਂ ਰੋਂਦੇ ਦਰਿਆ ਨੂੰ
ਦਿਲੋਂ ਪਸੀਜ ਕੇ ਪੁੱਛਿਆ,
ਤਾਂ ਉਸ ਦੇ ਹਾਉਕੇ ਹੋਰ ਉਚੇ ਹੋ ਗਏ
ਅਤੇ ਦਮ ਲੈ ਕੇ ਬੋਲਣ ਲੱਗਿਆ,
ਜਿੰਨ੍ਹਾਂ ਨੂੰ ਮੈਂ ਸਧਰਾਂ ਨਾਲ਼ ਪਾਲ਼ਿਆ,
ਅਰਮਾਨਾਂ ਨਾਲ਼ ਸਿੰਜਿਆ,
ਸਭ ਮੇਰੇ ਵੈਰੀ ਬਣ ਗਏ....!
ਮੈਂ ਪੁੱਛਿਆ,
ਕੀ ਦਰਦ ਹੈ ਤੈਨੂੰ?
...ਤੇ ਲੱਗ ਪਿਆ ਮੈਨੂੰ
ਦਰਦ ਦੀ ਦਾਸਤਾਨ ਸੁਣਾਉਣ...
ਦਰੱਖ਼ਤ ਲਾਏ ਸਨ
ਕਿ ਛਾਂ ਦੇਣਗੇ
ਵਾਤਾਵਰਣ ਸਾਫ਼ ਕਰਨਗੇ
ਤੇ ਮੇਰੀ ਸੁੰਦਰਤਾ ਵਧਾਉਣਗੇ,
ਲੋਕ ਮੈਨੂੰ ਹਸਰਤ ਅਤੇ ਉਤਸ਼ਾਹ ਨਾਲ਼
ਦੇਖਣ ਆਇਆ ਕਰਨਗੇ!
ਪਰ....
ਇਕ ਨੀਲ ਨਦੀ ਸੀ...
ਉਸ ਨਾਲ਼ ਮੇਰਾ ਜੁੱਗੜਿਆਂ ਦਾ ਮਿਲਾਪ ਸੀ
ਮੇਰੇ ਪਾਲ਼ੇ ਰੁੱਖ
ਉਸ ਦੇ ਰਸਤੇ ਵਿਚ
ਜੜ੍ਹੋਂ ਉਖੜ ਉਖੜ ਡਿਗਦੇ ਰਹੇ
ਤੇ ਬਣਦੇ ਰਹੇ
ਉਸ ਦੇ ਰਾਹ ਦਾ ਰੋੜਾ!
ਪਾਉਂਦੇ ਰਹੇ
ਸਾਡੀ ਮਿਲਣੀ ਵਿਚ ਅੜੱਚਣ!
ਨਾ ਆਪ ਰਹੇ,
ਤੇ ਨਾ ਸਾਨੂੰ ਮਿਲਣ ਦਿੱਤਾ।
ਹੁਣ ਸਾਗਰ ਦੇ ਪਰਲੇ ਪਾਰ,
ਬ੍ਰਿਹੋਂ ਦੇ ਸੇਕ ਵਿਚ ਉਹ
ਨੀਲ ਨਦੀ ਸਿਸਕਦੀ ਹੈ,
ਤੇ ਕੱਢਦੀ ਹੈ ਹਾੜ੍ਹੇ,
ਉਹਨਾਂ ਚੌਫ਼ਾਲ ਪਏ ਰੁੱਖਾਂ ਦੇ,
ਰਾਹ ਦੇਣ ਵਾਸਤੇ!
ਤੇ ਇਧਰ ਮੈਂ...?
ਉਸ ਦਾ ਵਿਛੋੜਾ
ਮੈਥੋਂ ਜ਼ਰਿਆ ਨਹੀਂ ਜਾਂਦਾ!
'ਕੱਲਾ ਦਿਲ ਵਿਰਲਾਪ ਕਰਦਾ ਹੈ!
...ਤੈਨੂੰ ਕੀ ਦੁੱਖ ਐ?
ਉਸ ਨੇ ਮੈਨੂੰ ਪੁੱਛਿਆ,
ਤੇ ਮੈਂ ਉੱਤਰ ਮੋੜਿਆ,
ਮੇਰੀ ਬੁੱਕਲ਼ ਵਿਚ ਵਗ ਰਹੀ ਨਦੀ,
ਹੁਣ ਜ਼ਹਿਰੀਲੀ ਹੋ ਗਈ...!
ਜੋ ਪੱਛਦੀ ਹੈ ਮੇਰਾ ਕਣ-ਕਣ
ਤੇ ਪਲ-ਪਲ ਕਰਦੀ ਹੈ ਮੈਨੂੰ ਜ਼ਿਬਾਹ
ਮਾਨਸਿਕ ਤੌਰ 'ਤੇ'...
...ਤੇ ਉਸ ਨੂੰ ਮੇਰੇ ਨਾਲ਼ੋਂ,
'ਗ਼ੈਰ' ਚੰਗੇ ਲੱਗਣ ਲੱਗ ਪਏ ਨੇ..!
ਮੇਰਾ ਖ਼ੂਨ ਚੂਸ ਕੇ ਉਹ,
ਦੂਜਿਆਂ ਨੂੰ ਪਾਲ਼ਦੀ ਐ..!
ਤਾਂ ਦਰਿਆ ਆਖਣ ਲੱਗਿਆ,
ਤੂੰ ਗਲਤ-ਫ਼ਹਿਮੀ ਦਾ ਸ਼ਿਕਾਰ ਏਂ..!
ਉਹ ਜ਼ਹਿਰੀਲੀ ਨਹੀਂ ਹੋਈ..!
ਜ਼ਹਿਰੀਲੀ ਦਾ ਇਲਾਜ਼ ਹੁੰਦੈ..!
ਉਹ ਕਲ਼ਯੁਗੀ ਬਣ ਗਈ ਏ..!!
...ਤੇ ਉਸ ਦਾ ਕੋਈ ਇਲਾਜ਼ ਨਹੀਂ!!
...........

No comments:

Post a Comment