Saturday, July 3, 2010

ਆਦਮਖ਼ੋਰ ਕਬੀਲਾ -ਸ਼ਿਵਚਰਨ ਜੱਗੀ ਕੁੱਸਾ

ਆਦਮਖ਼ੋਰ ਕਬੀਲਾ

ਸ਼ਿਵਚਰਨ ਜੱਗੀ ਕੁੱਸਾ


ਜਦ ਮੇਰੇ ਪ੍ਰਤੀ ਤੇਰੀ ਮਨੋਰਮ ਨਜ਼ਰ ਅਚਾਨਕ,
ਵੈਰ-ਨਫ਼ਰਤ ' ਬਦਲੀ,
ਮੈਨੂੰ ਸੱਚ ਨਾ ਆਇਆ!
.....
ਬਿਨਾਂ ਕਸੂਰ ਦਿੰਦੀ ਰਹੀ ਤੂੰ,
ਮਾਨਸਿਕ ਤਸੀਹੇ ਮੇਰੀ ਜਿੰਦ ਨੂੰ
ਤੇ ਕਰਦੀ ਰਹੀ,
ਆਪਣਾ ਤਾਣ ਲਾ ਕੇ, ਅੱਤਿਆਚਾਰ!
.....
ਕਰਵਾਉਂਦੀ ਰਹੀ,
ਰੋਜ਼ਾਨਾ ਮੈਨੂੰ ਗ਼ੈਰਾਂ ਤੋਂ ਜ਼ਲੀਲ ਤੇ ਹਲਾਲ!
ਦਿੰਦੀ ਰਹੀ ਮੇਰੇ ਮਨ ਦੀਆਂ ਸਧਰਾਂ ਦੀ ਆਹੂਤੀ,
ਬਿਨਾ ਕਿਸੇ ਵਜ੍ਹਾ ਤੋਂ, ਤੇਰੇ 'ਆਪਣਿਆਂ
' ਦੀ
ਖ਼ਾਨਦਾਨੀ ਰੀਤ ਅਤੇ ਰਵਾਇਤ ਅੱਗੇ!
ਕਰਦੀ ਰਹੀ ਕਿਸੇ ਸ਼ਿਕਾਰ ਵਾਂਗ,
ਝਟਕਾਉਣ ਲਈ, ਉਹਨਾਂ ਅੱਗੇ ਪੇਸ਼!
.....
ਮੈਨੂੰ ਨਹੀਂ ਸੀ ਪਤਾ ਤੇਰੇ 'ਆਦਮਖ਼ੋਰ' ਕਬੀਲੇ
ਅਤੇ ਉਹਨਾਂ ਦੇ ਖੋਟੇ ਦਿਲਾਂ ਬਾਰੇ,
ਕਿ ਛਿਲਾ ਜਗਾ ਕੇ ਮਾਣਸ ਦੇ ਅਰਮਾਨਾਂ ਦੀ
ਬਲੀ ਦੇ ਕੇ ਰੱਤ ਪੀਣੀਂ ਉਹਨਾਂ ਦਾ ਸ਼ੁਗਲ ਹੈ!
.....
ਅਹਿਸਾਸ ਨਹੀਂ ਤੇਰੇ ਕਬੀਲੇ ਨੂੰ,
ਕਿਸੇ ਦੀ ਭਾਵਨਾਂ, ਪੀੜ ਅਤੇ ਸਧਰਾਂ ਦਾ!
ਉਹ ਤਾਂ ਇਨਸਾਨ ਦੀ ਭੇਟ ਦੇ ਕੇ ਕਿਸੇ,
ਮਗਰੂਰੀ ਦੇ ਅਣਡਿੱਠ ਦੇਵਤੇ ਨੂੰ
ਖ਼ੁਸ਼ ਕਰਨ ਦਾ ਤਮਾਸ਼ਾ ਬਣਾ, ਖਿੱਲੀ ਉਡਾਉਂਦੇ ਨੇ!
.....
ਰੋਲ਼ਦੀ ਰਹੀ ਤੂੰ ਮੈਨੂੰ, ਉਹਨਾਂ ਕਲਯੁੱਗੀ ਪੈਰਾਂ ਹੇਠ,
ਜਿੰਨ੍ਹਾਂ ਨੂੰ ਜ਼ਿੰਦਗੀ ਵਿਚ ਮੈਂ ਕਦੇ,
ਸਪੱਰਸ਼ ਵੀ ਕਰਨਾ ਨਹੀਂ ਸੀ ਚਾਹੁੰਦਾ!
ਝਰੀਟ ਕੇ ਜ਼ਖ਼ਮੀ ਕਰਦੀ ਰਹੀ ਮੇਰੇ ਜੀਣ ਦਾ ਆਨੰਦ,
ਆਪ-ਹੁਦਰੀਆਂ ਨਹੁੰਦਰਾਂ ਨਾਲ!
ਦੁਰਕਾਰਦੀ ਰਹੀ ਮੈਨੂੰ,
ਤੂੰ 'ਆਪਣਿਆਂ' ਦੀਆਂ ਜੁਗਤਾਂ ਦੇ ਘਨ੍ਹੇੜੇ ਚੜ੍ਹ ਕੇ!
.....
ਆਪਣੀ ਪ੍ਰੇਮ-ਪ੍ਰੀਤ ' ਜ਼ਬਰੀ ਘੁੱਸਪੈਂਠ ਹੋਈ
ਤੇਰੀ ਸੌੜੀ ਸਿਆਸਤ ਨੇ,
ਮੇਰੇ ਮਨ ਦੀਆਂ ਪਰਤਾਂ 'ਚੋਂ ਤੈਨੂੰ ਸੈਂਕੜੇ ਕੋਹਾਂ
ਦੂਰ ਲਿਜਾ ਸੁੱਟਿਆ
ਅਤੇ ਪਾ ਸੁੱਟੀ ਵਰ੍ਹਿਆਂ ਦੀ ਦਰਾੜ!
ਪਰ ਮੈਂ ਬਹੁਤ ਲੰਬੀ ਸੋਚ ਕੇ,
ਚੁੱਪ ਹੀ ਰਿਹਾ,
ਕਿਸੇ ਲਾਵਾਰਿਸ ਮੜ੍ਹੀ ਵਾਂਗ!
.....
ਮੇਰੀ ਸਿਰੜੀ ਚੁੱਪ ਨੂੰ ਸਮਝਦੀ ਰਹੀ ਤੂੰ,
ਮੇਰਾ ਡਰ ਸ਼ਾਇਦ?
ਜਾਂ ਆਪਣੇ 'ਰੋਅਬ' ਦਾ ਦਾਬਾ??
ਤੂੰ ਧੱਕੇ ਮਾਰਦੀ ਰਹੀ ਮੇਰੀ ਜ਼ਮੀਰ ਨੂੰ,
ਪਰ ਹਰ ਚੋਟ ਖਾ ਕੇ ਵੀ ਮੈਂ,
ਮੋਨ ਧਾਰੀ ਰੱਖਿਆ ਵਗਦੇ ਸਾਹਾਂ ਦਾ!
ਉਦਾਸੀਨ ਦਿਲ ਦੀ ਧੜਕਣ ਨੂੰ,
ਮਿਣਦਾ ਅਤੇ ਤੋਲਦਾ ਅਤੇ ਥਾਪੜਦਾ ਰਿਹਾ,
ਦਿੰਦਾ ਰਿਹਾ ਧਰਵਾਸ,
ਕਿਸੇ ਭਲੀ ਆਸ ਦੀ ਇੰਤਜ਼ਾਰ ਵਿਚ!
ਪੀ ਜਾਂਦਾ ਰਿਹਾ ਮੀਰਾਂ ਦੇ ਪਿਆਲੇ ਵਾਂਗ,
ਤੇਰਾ ਕੀਤਾ ਤਸ਼ੱਦਦ,
ਮੇਰੇ ਸਨੇਹ-ਸੁਪਨੇ ਗਸ਼ ਖਾ-ਖਾ ਕੇ,
ਡਿੱਗਦੇ ਰਹੇ ਤੇਰੇ ਕਰੂਰ ਰਵੱਈਏ ਅੱਗੇ!
ਸੀਨੇਂ ਸੱਟ ਖਾ ਕੇ ਮੈਂ,
ਡਿੱਗਦਾ-ਢਹਿੰਦਾ ਵੀ, ਸੰਭਲ਼ਦਾ ਰਿਹਾ
ਅਤੇ ਹਾਰਦਾ ਰਿਹਾ ਤੇਰੇ ਜ਼ੁਲਮ ਸਾਹਮਣੇ!
.....
ਤੂੰ ਰੁੱਖੇ ਸ਼ਬਦਾਂ ਦੇ ਨਸ਼ਤਰ ਲਾ-ਲਾ ਦੇਖਦੀ ਰਹੀ,
ਸ਼ਾਇਦ ਮੇਰੇ ਸਬਰ-ਸੰਤੋਖ਼ ਦਾ
ਆਖ਼ਰੀ ਕਤਰਾ ਖ਼ੂਨ ਪੀਣ ਲਈ?
ਚਲਾਉਂਦੀ ਰਹੀ ਨਫ਼ਰਤ ਬਾਣ,
ਮੇਰੀ ਬੇਗੁਨਾਂਹ ਰੂਹ 'ਤੇ
...
ਤੇ ਮੈਂ ਹੁੰਦਾ ਰਿਹਾ ਲਹੂ-ਲੁਹਾਣ,
ਨੁੱਚੜਦੀ ਰਹੀ ਮੇਰੀ ਜਿੰਦ, ਬਣ ਤੁਪਕਾ-ਤੁਪਕਾ!
ਤੂੰ ਮਿਹਣਿਆਂ ਦੇ ਵਾਰ ਕਰਦੀ ਰਹੀ ਮੇਰੀ ਆਤਮਾਂ 'ਤੇ,
ਤੇ ਮੈਂ ਸ਼ਾਂਤ-ਚਿੱਤ ਦੀ ਢਾਲ਼ 'ਤੇ ਝੱਲਦਾ ਰਿਹਾ!
.....
ਇਸ ਦਾ ਇਕ ਕਾਰਨ ਸੀ!!
ਕਾਰਨ, ਕਿਸੇ ਉਮੰਗ-ਧੁਨੀ ਦੀ ਖੋਜ '!
ਮੈਂ ਤਾਂ ਕਿਸੇ ਉਪਕਾਰੀ ਮਣੀਂ ਦੀ ਭਾਲ਼ ਵਿਚ,
ਗਾਹੁੰਦਾ ਰਿਹਾ ਜੰਗਲ-ਬੇਲੇ,
ਨਦੀਆਂ, ਦਰਿਆ ਅਤੇ ਸਾਗਰ
ਆਕਾਸ਼-ਪਾਤਾਲ਼ ਅਤੇ ਜੰਨਤ ਦੇ ਨਗਰ
...
ਤੇ ਉਜਾੜ ਰੋਹੀ-ਬੀਆਬਾਨ!
ਮੈਨੂੰ ਕੀ ਪਤਾ ਸੀ, ਕਿ ਮਣੀਂ ਤਾਂ
ਮੇਰੀ ਬੁੱਕਲ਼ ਵਿਚ ਹੀ ਸੀ!!
.....
ਪਤਾ ਤਾਂ ਮੈਨੂੰ ਉਦੋਂ ਲੱਗਿਆ,
ਜਦ ਮੈਨੂੰ,
ਮਣੀਂ ਵਿਚੋਂ ਚੰਦਨ ਦੀ ਮਹਿਕ ਆਈ,
ਤੇ ਮੇਰਾ ਇਰਦ-ਗਿਰਦ ਮਹਿਕ ਉਠਿਆ!
ਉਸ ਦੀ ਮਧੁਰ ਅਵਾਜ਼ ਨੇ,
ਮੇਰੀ ਹਰ ਪੀੜ ਚੂਸ ਲਈ!
ਕਿਤੇ ਵੰਝਲੀ ਦੀ ਹੂਕ, ਤੇ ਕਿਤੇ
ਰਬਾਬ ਦੀ ਧੁੰਨ ਘੁਲ਼ ਗਈ ਮੇਰੇ
ਮਨ-ਮਸਤਕ ',
ਤੇ ਮੈਂ ਆਨੰਦ-ਮਸਤ ਹੋ ਤੁਰਿਆ!
ਤੇ ਉਸ ਮਣੀਂ ਨੇ ਮੈਨੂੰ ਆਪਣਾ ਸਭ ਕੁਛ ਜਾਣ,
ਭਰ ਲਿਆ ਪਰਉਪਕਾਰੀ ਗਲਵਕੜੀ ਵਿਚ!
.....
ਹੁਣ ਮੈਂ ਅਤੇ ਮਣੀਂ
ਇਕ-ਦੂਜੇ ਦੀ ਖ਼ੁਸ਼ਬੂ ਵਿਚ ਹੀ,
ਖ਼ੀਵੇ ਅਤੇ ਵਿਅਸਤ ਹਾਂ,
ਦੁਨੀਆਂ ਦੇ ਘਾਟੇ-ਵਾਧੇ ਤੋਂ ਬੇਪ੍ਰਵਾਹ!
ਉਹ ਮੈਨੂੰ ਨਿੱਤ ਕਹਿੰਦੀ ਹੈ,
"
ਤੂੰ ਉਦੋਂ ਨਾ ਆਇਆ,
ਜਦ ਮੇਰੇ 'ਤੇ ਭਰ ਜੋਬਨ ਸੀ?"
ਤੇ ਮੈਂ ਉੱਤਰ ਦਿੱਤਾ,
"
ਜਦ ਦੋ ਰੂਹਾਂ ਇੱਕ ਜੋਤ ਹੋ ਤੁਰਨ,
ਯੁੱਗ-ਅਵੱਸਥਾ, ਉਮਰ-ਕਾਲ ਅਤੇ ਵਿੱਥਾਂ,
ਫ਼ਾਸਲਾ ਰੱਖ ਕੇ ਤੁਰਨ ਲੱਗ ਪੈਂਦੀਆਂ ਨੇ!"
ਮੁੜ ਉਸ ਨੇ ਵੱਡੇ-ਛੋਟੇ,
ਤੇ ਉੱਚੇ-ਨੀਵੇਂ ਦੀ ਬਾਤ ਨਹੀਂ ਪਾਈ,
ਤੇ ਆਤਮਾਂ ਬਣ, ਮੇਰੇ ਸਰੀਰ ਵਿਚ ਸਮਾ ਗਈ!
ਉਹ ਮੇਰੀ ਫ਼ੁੱਲ ਤੇ ਮੈਂ ਉਸ ਦਾ ਭੌਰਾ ਬਣ ਤੁਰਿਆ,
ਹੁਣ ਉਸ ਦੇ ਤਨ ਦੀ ਸੁਗੰਧੀ ਦੀ ਮਦਹੋਸ਼ੀ ਨੇ ਮੈਨੂੰ,
ਤੇਰੇ ਕੌੜੇ ਬੋਲ ਵੀ ਮਿੱਠੇ ਲੱਗਣ ਲਾ ਦਿੱਤੇ ਨੇ!
ਇਹ ਉਸ ਮਣੀਂ ਦੇ ਮਾਖ਼ਿਓਂ-ਮਿੱਠੇ ਬੋਲਾਂ
ਅਤੇ ਵਰਤਾਓ ਦਾ ਕਮਾਲ ਹੈ,
...
ਤੇ ਮੇਰਾ ਮਨ 'ਬਲਿਹਾਰੇ' ਦੇ
ਨਾਅਰੇ ਲਾਉਣ ਲੱਗਦਾ ਹੈ!

No comments:

Post a Comment