Friday, August 28, 2009

ਮੈਂ ਤੇ ਤੂੰ - ਹਰਦੇਵ ਗਰੇਵਾਲ

ਮੈਂ   ਤੇ  ਤੂੰ  -   ਹਰਦੇਵ ਗਰੇਵਾਲ

ਮੈਂ
ਕੁਕਨੂਸ ਦੀ ਨਸਲ ‘ਚੋਂ ਹਾਂ
ਜੋ ਹਰ ਦਿਨ ਕੁਕਨੂਸ ਦੀ ਲੰਮੀ ਉਮਰ ਕੱਟਦਾ ਹਾਂ
ਆਪਣੀਆਂ ਅੱਖਾਂ ‘ਚ
ਹੰਝੂਆਂ ਦੀ ਫ਼ਸਲ ਬੀਜਦਾ ਹਾਂ
ਤੇ ਫਿਰ ਕੇਰਨ ਲਈ
ਤੇਰੇ ਜਿਸਮ ਦੇ ਜ਼ਖ਼ਮ ਤਲਾਸ਼ਦਾ ਹਾਂ…

ਮੈਂ
ਕੁਕਨੂਸ ਦੀ ਨਸਲ ‘ਚੋਂ ਹਾਂ
ਜੋ ਹਰ ਦਿਨ ਕੁਕਨੂਸ ਦੀ ਲੰਮੀ ਉਮਰ ਕੱਟਦਾ ਹਾਂ
ਤੇ ਦਿਨ ਢਲ਼ਦੇ ਸਾਰ ਹੀ
ਰੀਝਾਂ ਦੀਆਂ ਲੱਕੜਾਂ ਦੀ ਵਲਗਣ ਵਿੱਚ ਬਹਿ
ਵੈਰਾਗਮਈ ਗੀਤ ਗਾਉਂਦਾ ਹਾਂ
ਤੇ ਆਪਣੀ ਹੀ ਅੱਗ ਵਿੱਚ ਸੜਕੇ ਸੁਆਹ ਹੋ ਜਾਂਦਾ ਹਾਂ
ਤੇ ਦਿਨ ਚੜ੍ਹਦੇ ਤਾਈਂ
ਆਪਣੀ ਹੀ ਰਾਖ਼ ‘ਚੋਂ ਫਿਰ ਜਨਮਦਾ ਹਾਂ…

ਤੂੰ
ਮੇਰਾ ਗੀਤ ਏਂ
ਜਿਸਨੂੰ ਮੈਂ ਦਿਨ ਭਰ ਲਿਖਦਾ ਹਾਂ
ਤੇ ਦਿਨ ਢਲ਼ਦੇ ਸਾਰ ਹੀ
ਜਿਸਨੂੰ ਗਾ ਕੇ ਮੈਂ ਸੜਕੇ ਸੁਆਹ ਹੋ ਜਾਂਦਾ ਹਾਂ
ਤੇ ਦਿਨ ਚੜ੍ਹਦੇ ਤਾਈਂ
ਆਪਣੀ ਹੀ ਰਾਖ਼ ‘ਚੋਂ ਫਿਰ ਜਨਮਦਾ ਹਾਂ
ਤੈਨੂੰ ਹੋਰ ਲਿਖਣ ਲਈ…

No comments:

Post a Comment