Thursday, September 10, 2009

ਤਿੰਨ ਕਵਿਤਾਵਾਂ - ਸੁਖਿੰਦਰ

 ਤਿੰਨ ਕਵਿਤਾਵਾਂ  - ਸੁਖਿੰਦਰ

ਸਥਿਤੀ

ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਤੁਹਾਡੇ ਸਾਹਮਣੇ ਖੜ੍ਹਾ
ਕੋਈ ਵਿਅਕਤੀ, ਇਹ ਦਾਹਵਾ ਕਰ ਰਿਹਾ ਹੋਵੇ
ਕਿ ਉਹ, ਹੁਣ ਤੱਕ
ਪੈਂਹਠ ਤੋਂ ਵੱਧ ਔਰਤਾਂ ਨਾਲ
ਹਮਬਿਸਤਰ ਹੋ ਚੁੱਕਾ ਹੈ
ਪਰ, ਦੂਸਰੇ ਹੀ ਪਲ
ਉਹ, ਕਿਸੇ ਗਿਰਜੇ ਦੇ
ਹੰਢੇ ਵਰਤੇ, ਪਾਦਰੀ ਦੇ ਵਾਂਗ
ਪਰਵਚਨ ਕਰਨਾ ਵੀ ਸ਼ੁਰੂ ਕਰ ਦੇਵੇ-
'ਕਿ ਮਨੁੱਖ ਦਾ ਸਰੀਰ ਤਾਂ
ਰੱਬ ਦੀ ਅਮਾਨਤ ਹੈ
ਇਸ ਨਾਲ ਅਸੀਂ ਕੋਈ
ਛੇੜ, ਛਾੜ ਨਹੀਂ ਕਰ ਸਕਦੇ'


ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਕਾਲੇ ਰੰਗ ਦੀ
ਇੱਕ ਸਟਰਿਪਟੀਜ਼ ਡਾਂਸਰ
ਆਪਣੇ ਹੱਥਾਂ 'ਚ ਬਾਈਬਲ ਨੂੰ ਘੁੱਟਦਿਆਂ
ਆਪਣੀ ਚਮੜੀ ਦੇ ਕਾਲੇ ਰੰਗ ਨੂੰ
ਸਰਵੋਤਮ ਰੰਗ ਕਰਾਰ ਦਿੰਦੀ ਹੋਈ
ਇਹ ਕਹਿ ਰਹੀ ਹੋਵੇ
ਕਿ ਮੈਂ ਸਭ ਤੋਂ ਬੇਹਤਰ
ਚਮੜੀ ਦੇ ਰੰਗ ਦੀ ਹੋਣ ਦੇ ਬਾਵਜ਼ੂਦ
ਸਟਰਿਪਟੀਜ਼ ਕਲੱਬ ਵਿੱਚ
ਦੇਰ ਰਾਤ ਤੱਕ, ਨੰਗਾ ਨਾਚ ਕਰਦਿਆਂ
ਕਦੀ ਇਹ ਨਹੀਂ ਸੋਚਿਆ
ਕਿ ਮੇਰਾ ਨਾਚ ਦੇਖਣ ਆਏ
ਮੇਰੇ ਬਦਨ ਦੀਆਂ ਗੋਲਾਈਆਂ ਦੇ ਪ੍ਰਸੰਸਕ
ਕਿਸ ਰੰਗ ਦੀ ਚਮੜੀ ਵਾਲੇ ਹਨ
ਮੈਂ ਤਾਂ ਹਰ ਕਿਸੀ ਦੇ
ਮੇਜ਼ ਦੁਆਲੇ ਜਾ ਕੇ
ਆਪਣੇ ਜਿਸਮ ਦੇ
ਸੋਹਲ ਅੰਗਾਂ ਦੀ ਭੜਕਾਹਟ
ਇੱਕੋ ਜਿੰਨੀ ਹੀ ਕਰਦੀ ਹਾਂ


ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਗਿਰਜੇ ਦਾ ਇੱਕ ਪਾਦਰੀ
ਚਿਹਰੇ ਉੱਤੇ ਗੰਭੀਰਤਾ ਲਿਆ
ਕਹਿ ਰਿਹਾ ਹੋਵੇ-
'ਬੱਚਿਆਂ ਨਾਲ ਹਮਬਿਸਤਰ ਹੋਣ ਵਿੱਚ
ਕੀ ਹਰਜ ਹੈ' ?


ਸ਼ਾਇਦ, ਤਾਂ ਹੀ ਤਾਂ
ਅਮਰੀਕਾ ਦੀਆਂ ਹਜ਼ਾਰਾਂ ਅਦਾਲਤਾਂ ਵਿੱਚ
ਬਲਾਤਕਾਰੀ ਪਾਦਰੀਆਂ ਦੇ
ਕਿੱਸੇ, ਨਿਤ ਦਿਨ ਖੁੱਲ੍ਹ ਰਹੇ ਹਨ


ਪਾਦਰੀ, ਜੋ-
ਬੱਚਿਆਂ ਨੂੰ ਜੀਸਸ ਕਰਾਈਸਟ ਦਾ
ਪਰਵਚਨ ਸੁਣਾਂਦੇ, ਸੁਣਾਂਦੇ
ਉਨ੍ਹਾਂ ਲਈ
ਮੌਤ ਦੇ ਫਰਿਸ਼ਤੇ ਬਣ ਗਏ
.......... 


ਪੱਥਰ ਦਾ ਬੁੱਤ

ਜੇਕਰ, ਸ਼ਬਦ ਗੁੰਗੇ ਹੁੰਦੇ
ਤਾਂ ਮੈਂ ਵੀ, ਇੱਕ ਪੱਥਰ ਦਾ
ਬੁੱਤ ਹੋਣਾ ਸੀ-

ਤੁਸੀਂ, ਜਦੋਂ ਵੀ
ਜਿੱਥੇ ਕਿਤੇ ਵੀ
ਮੈਨੂੰ ਰੱਖ ਸਕਦੇ ਸੋ
ਜਾਂ ਰੱਖੇ ਹੋਏ ਨੂੰ
ਪੁੱਟ ਸਕਦੇ ਸੋ

ਪਰ ਮੇਰੇ ਜ਼ਿਹਨ ਵਿੱਚ
ਤਾਂ, ਰੀਂਗਦੇ ਹੋਏ ਸ਼ਬਦ
ਚੁੱਪ ਰਹਿ ਨਹੀਂ ਸਕਦੇ

ਜਦ ਵੀ, ਪ੍ਰਦੂਸ਼ਿਤ ਹਵਾ ਦਾ ਬੁੱਲਾ
ਮੇਰੇ ਬਦਨ ਨਾਲ
ਖਹਿ ਕੇ ਲੰਘਦਾ ਹੈ
ਮੈਂ ਵਿਦਰੋਹ ਵਿੱਚ
ਬੋਲ ਉੱਠਦਾ ਹਾਂ

ਪ੍ਰਦੂਸ਼ਿਤ ਹਵਾ ਦਾ ਇਹ ਬੁੱਲਾ
ਸੜਾਂਦ ਮਾਰਦੀਆਂ
ਸਮਾਂ ਵਿਹਾ ਚੁੱਕੀਆਂ
ਕਦਰਾਂ-ਕੀਮਤਾਂ 'ਚੋਂ
ਉੱਠਿਆ ਹੋਵੇ
ਬੌਣੇ ਹੋ ਚੁੱਕੇ
ਧਾਰਮਿਕ ਰਹੁ-ਰੀਤਾਂ
ਰਿਵਾਜਾਂ 'ਚੋਂ
ਮੁਖੌਟਿਆਂ ਦਾ ਰੂਪ ਧਾਰ ਚੁੱਕੇ
ਦਰਸ਼ਨੀ ਚਿਹਰਿਆਂ ਦੀ
ਧਰਮੀ ਦਿੱਖ 'ਚੋਂ
ਜਾਂ
ਇਹ ਹਵਾ ਦਾ ਬੁੱਲਾ
ਭ੍ਰਿਸ਼ਟ ਰਾਜਨੀਤੀ ਦੀਆਂ
ਭੱਠੀਆਂ 'ਚ ਉਬਲ ਰਹੀ
ਸ਼ਰਾਬ ਦੀ ਮਹਿਕ ਨਾਲ
ਭਿੱਜਿਆ ਹੋਵੇ-

ਇਹ ਜਿਉਂਦੇ ਜਾਗਦੇ
ਸ਼ਬਦ ਮੇਰੇ-
ਮੇਰਾ ਆਪਾ, ਮੇਰੀ ਰੂਹ
ਮੇਰੀ ਆਤਮਾ, ਮੇਰੀ ਆਵਾਜ਼
ਚੁੱਪ ਤਾਂ ਰਹਿ ਸਕਦੇ ਹਨ
ਕੁਝ ਪਲਾਂ ਲਈ
ਪਰ, ਗੁੰਗੇ ਬਣ ਨਹੀਂ ਸਕਦੇ

ਜੇਕਰ, ਸ਼ਬਦ ਗੁੰਗੇ ਹੁੰਦੇ
ਤਾਂ, ਮੈਂ ਵੀ ਇੱਕ ਪੱਥਰ ਦਾ
ਬੁੱਤ ਹੋਣਾ ਸੀ


...........



ਸਮੋਸਾ ਪਾਲਿਟਿਕਸ

ਰਾਜਨੀਤੀ ਨੂੰ ਅਸੀਂ
ਅਖੰਡ ਪਾਠਾਂ, ਸਮੋਸਿਆਂ ਅਤੇ ਔਰਿੰਜ ਜੂਸ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ-

ਸੰਸਦ ਦਾ ਮੈਂਬਰ ਚੁਣੇ ਜਾਣ ਉੱਤੇ
ਅਸੀਂ, ਮਹਿਜ਼, ਇਸ ਕਰਕੇ ਹੀ
ਸੰਸਦ ਭਵਨ ਦੇ ਅੰਦਰ ਜਾਣ ਤੋਂ
ਇਨਕਾਰ ਕਰੀ ਜਾਂਦੇ ਹਾਂ
ਸਾਡੀ ਤਿੰਨ ਫੁੱਟੀ ਤਲਵਾਰ
ਸਾਡੇ ਨਾਲ, ਅੰਦਰ ਜਾਣ ਦੀ
ਇਜਾਜ਼ਤ ਕਿਉਂ ਨਹੀਂ

-ਇਹ ਸਮਝਣ ਤੋਂ ਅਸਮਰੱਥ ਕਿ
ਸੰਸਦ ਵਿੱਚ ਬੋਲਣ ਲਈ
ਜ਼ੁਬਾਨ ਦੀ ਲੋੜ ਪਵੇਗੀ
ਤਲਵਾਰ ਦੀ ਨਹੀਂ

ਮੀਡੀਆ ਦੀ ਆਲੋਚਨਾ ਦਾ
ਨਿਤ ਨਿਸ਼ਾਨਾ ਬਨਣ ਦੇ ਬਾਵਜ਼ੂਦ, ਅਸੀਂ
ਧਾਰਮਿਕ ਕੱਟੜਵਾਦ ਦੇ ਰੰਗਾਂ 'ਚ ਰੰਗੇ
ਫਨੀਅਰ ਸੱਪਾਂ ਵਾਂਗ, ਫਨ ਫੈਲਾ ਕੇ
ਦਹਾੜਨ ਵਿੱਚ ਹੀ
ਫ਼ਖਰ ਮਹਿਸੂਸ ਕਰਦੇ ਹਾਂ

-ਇਹ ਸਮਝਣ ਤੋਂ ਕੋਰੇ ਕਿ
ਅਜੋਕੇ ਸਮਿਆਂ ਵਿੱਚ
ਰਾਜਨੀਤੀਵਾਨ ਬਨਣ ਲਈ
ਪਹਿਲਾਂ ਵਧੀਆ ਮਨੁੱਖ
ਬਨਣਾ ਪਵੇਗਾ

-ਮੂੰਹਾਂ ਵਿੱਚ ਵਿਸ ਘੋਲਦੇ
ਫਨੀਅਰ ਸੱਪ ਨਹੀਂ

ਸਾਡੀ ਚੇਤਨਾ ਵਿੱਚ ਅੰਕਿਤ ਹੋ ਚੁੱਕੀ
ਪ੍ਰਿਯਾ ਨੇਤਾ ਬਨਣ ਦੀ ਪ੍ਰੀਭਾਸ਼ਾ
ਭੰਗ, ਚਰਸ, ਕਰੈਕ, ਕੁਕੇਨ ਦਾ
ਨਾਮੀ ਸਮਗਲਰ ਹੋਣਾ ਹੀ ਹੈ

-ਇਹ ਮਹਿਸੂਸ ਕਰਨ ਤੋਂ ਅਸਮਰੱਥ
ਕਿ ਆਪਣੇ ਅਜਿਹੇ ਕਾਰਨਾਮਿਆਂ ਸਦਕਾ
ਅਸੀਂ ਜਨਸਮੂਹ ਦੀ
ਘੋਰ ਤਬਾਹੀ ਕਰ ਰਹੇ ਹੋਵਾਂਗੇ

ਸਾਡਾ ਵਸ ਚੱਲੇ, ਤਾਂ
ਅਸੀਂ, ਜ਼ਿੰਦਗੀ ਨਾਲ ਸਬੰਧਤ
ਹਰ ਪਹਿਲੂ ਨੂੰ ਹੀ
ਭ੍ਰਿਸ਼ਟ ਰਾਜਨੀਤੀ ਦੀ
ਚਾਸ਼ਨੀ ਵਿੱਚ ਡਬੋ ਕੇ
ਸੱਪਾਂ ਦੀਆਂ ਖੁੱਡਾਂ
ਮਗਰਮੱਛਾਂ ਦੇ ਜੁਬਾੜਿਆਂ
ਰੰਡੀਆਂ ਦੇ ਚੁਬਾਰਿਆਂ
ਡਰੱਗ ਸਮਗਲਰਾਂ ਦੇ ਅੱਡਿਆਂ
ਬਲਾਤਕਾਰੀ ਬਾਬਿਆਂ ਦੇ ਡੇਰਿਆਂ
ਵਿੱਚ ਤਬਦੀਲ ਕਰ ਦੇਈਏ

ਕਿੰਨਾ ਕੁਝ ਬਦਲ ਗਿਆ ਹੈ
ਪਰਾ-ਆਧੁਨਿਕ ਸਮਿਆਂ ਵਿੱਚ

ਰਾਜਨੀਤੀ ਦੇ ਸੰਕਲਪ ਨੂੰ
ਅਸੀਂ, ਕਿਸ ਹੱਦ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ


............

No comments:

Post a Comment