Sunday, September 6, 2009

ਸੋਚ ਦਾ ਸਫ਼ਰ -ਬਲਜਿੰਦਰ ਬੁੱਟਰ

ਸੋਚ ਦਾ ਸਫ਼ਰ   -ਬਲਜਿੰਦਰ ਬੁੱਟਰ


ਦਿਨੇਂ ਸੋਚ ਲੱਗੀ ਰਹਿੰਦੀ ਹੈ
ਕਿ ਰਾਤ ਨੂੰ ਗੱਲ ਕਰਾਂਗੇ ਸੱਜਣ ਨਾਲ
ਤੇ ਸਾਂਝੀ ਕਰਾਂਗੇ ਮਨ ਦੀ ਬਿਰਤੀ
ਫ਼ਰੋਲਾਂਗੇ ਦਿਲ ਦੀ ਪ੍ਰੀਤ ਦੇ ਪੰਨੇ
ਤੇ ਲਾਵਾਂਗੇ ਪ੍ਰੇਮ-ਯੋਗ ਦੀ ਕਲਾਸ
ਇਸ ਤਰ੍ਹਾਂ ਦੀ ਉਧੇੜ-ਬੁਣ ਵਿਚ
ਦਿਨ ਗੁਜ਼ਰ ਜਾਂਦਾ ਹੈ...!
...ਤੇ ਜਦ ਰਾਤ ਆਉਂਦੀ ਹੈ
ਤਾਂ ਸੋਚਦੇ ਹਾਂ...
ਕਿੰਨੀ ਸ਼ਾਂਤ ਅਵਸਥਾ ਵਿਚ
ਸੁੱਤਾ ਹੈ ਮਾਹੀ
ਜੇ ਬਾਤ ਪਾਈ...
ਜਾਨੀ ਦੀ ਨੀਂਦ ਵਿਚ ਵਿਘਨ ਪਵੇਗਾ
ਰਾਤ ਬਤੀਤ ਕਰ ਲਈਦੀ ਹੈ,
ਉਸ ਦੀਆਂ ਯਾਦਾਂ ਵਿਚ ਪਿਸਦਿਆਂ
ਕਿ ਮੀਤ ਨੂੰ ਵਿਸ਼ਰਾਮ ਦੀ ਜ਼ਰੂਰਤ ਹੈ...
ਇਸ ਜ਼ਿਹਨ-ਚੱਕਰ ਵਿਚ
ਜ਼ਿੰਦਗੀ ਦੇ ਪਲ ਘਟ ਰਹੇ ਨੇ।
ਇਸ ਉਡੀਕ ਵਿਚ
ਮੋਹ-ਪ੍ਰੇਮ ਦੇ ਤੰਦ ਪੱਕ ਰਹੇ ਨੇ।
ਕਿਸੇ ਦਿਨ.....
ਇਸ ਤਰ੍ਹਾਂ 'ਹਾਂ' ਜਾਂ 'ਨਾਂਹ' ਦੇ
ਵਿਚਾਰਾਂ 'ਚ ਉਲਝਿਆਂ ਹੀ
ਇਸ ਵਜੂਦ ਨੂੰ
'ਅਲਵਿਦਾ' ਆਖ ਜਾਣਾ
ਮੋਹ ਦੇ ਪੰਛੀਆਂ ਨੇ...!
ਜਾਨੀ ਨੂੰ ਤਾਂ ਖ਼ਬਰ ਵੀ ਨਹੀਂ ਹੋਣੀ
ਕਿ ਉਸ ਨੂੰ, ਉਸ ਤੋਂ ਵੀ ਵੱਧ
ਚਾਹੁੰਣ ਵਾਲ਼ਿਆਂ ਨੇ
ਇਸ ਫ਼ਾਨੀ ਸੰਸਾਰ ਨੂੰ
ਸਿਜਦਾ ਕਰ
'ਗ਼ੁਲਾਮੀ' ਤੋਂ 'ਨਿਜਾਤ' ਪਾ ਲਈ...?
......

No comments:

Post a Comment