Wednesday, February 24, 2010

ਦਿਲ ਦੇ ਪਲੰਘ ਉੱਤੋਂ -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ  -ਹਰਦੇਵ ਗਰੇਵਾਲ

ਦਿਲ ਦੇ ਪਲੰਘ ਉੱਤੋਂ ਡਿੱਗੇ ਸੋਹਣੇ ਸੱਜਣਾਂ ਦੇ,
ਧੋਖਾ ਦੇ ਦਿੱਤਾ ਉਹਦੀ ਛਿੱਜੀ ਹੋਈ ਨਵਾਰ ਨੇ।

ਹੁੱਬ ਕੇ ਸੁਆਲ ਪਾ ਬੈਠੇ ਸੋਹਣੇ ਸੱਜਣਾਂ ਨੂੰ,
ਖੂੰਜੇ ਲਾ ਕੇ ਰੱਖ ਦਿਤਾ ਸਿੱਧੇ ਇਨਕਾਰ ਨੇ।

ਕਾਸਾ ਫੜ ਫੁੱਲਾਂ ਤਾਂਈ ਮੰਗਿਆ ਪਿਆਰਾਂ ਤੋਂ,
ਖਾਲੀ ਵੀ ਨਾ ਮੋੜੇ, ਉਹਨੇ ਪਾ ਦਿੱਤੇ ਖ਼ਾਰ ਨੇ।

ਸੂਲ਼ਾਂ ਤੋਂ ਵੀ ਤਿੱਖੇ ਉਹਦੇ ਆਖੇ ਹੋਏ ਬੋਲ ਜੋ,
ਦਿਲ ਵਿੱਚ ਖੁਭੇ, ਛੇਕ ਕਰ ਗਏ ਹਜ਼ਾਰ ਨੇ।

ਝੋਲੀ ਪਾ ਸਾਂ ਨੱਠੇ ਲੈ ਕੇ ਸੱਧਰਾਂ ਦੇ ਬੰਟਿਆਂ ਨੂੰ,
ਠੇਡਾ ਖਾ ਕੇ ਡਿੱਗੇ ਮੂਧੇ ਮੂੰਹ ਲਏ ਖਿਲਾਰ ਨੇ।

ਫੱਟ ਲਾ ਕੇ ਆਖਦੇ ਨੇ ਸੀ ਵੀ ਨਹੀਂ ਆਖਣੀ,
ਕਿਥੇ ਜਾ ਕੇ ਕੱਢੀਏ ਜੋ ਦਿਲਾਂ ਦੇ ਗੁਬਾਰ ਨੇ।

ਸੁੱਖ, ਚੈਨ, ਸੱਧਰਾਂ ਤੇ ਨੀਂਦਰਾਂ ਗੁਆ ਲਈਆਂ,
ਪੱਲੇ ਨਹੀਓਂ ਪਾਇਆ ਕੁਝ ਦਿਲਾਂ ਦੇ ਵਪਾਰ ਨੇ।

ਆਸਾਂ ਦੇ ਮਿਰਗ ਵਾਹੋ-ਦਾਹੀ ਭੱਜੇ ਪਾਣੀਆਂ ਨੂੰ,
ਇੱਕ-ਇੱਕ ਕਰ ਉਹਨਾਂ ਮਾਰ ਲਏ ਸ਼ਿਕਾਰ ਨੇ।

ਤੁਰਿਆ ਜਦੋਂ ਵੀ ਪੱਲੇ ਬੰਨ੍ਹ ਰੁਸਵਾਈਆਂ ਨੂੰ,
ਰੋਕ ਲਿਆ ਉਹਦੀ ਨਿੱਕੀ ਜਿਹੀ ਪੁਚਕਾਰ ਨੇ।

ਛੁਰਾ ਮਾਰ ਹਿੱਕ ਉੱਤੇ ਹੱਥ ਫੇਰ ਜੋੜ ਲਏ,
ਮਾਰ ਲਏ ਕਾਤਿਲਾ ਉਏ ਤੇਰੇ ਸਤਿਕਾਰ ਨੇ।

ਛੱਡਿਆ ਜਹਾਨ ਦਾ ਸੁਆਲ ਨਾ ਕੋਈ ਹੱਲ ਤੋਂ,
ਚੱਕਰਾਂ 'ਚ ਪਾਇਆ ਸਾਨੂੰ ਤੇਰੇ ਕਿਰਦਾਰ ਨੇ।

ਮਰਿਆ ਨਾ ਜਿਹੜਾ ਸੈਮਸਨ ਵੱਡੇ ਯੋਧਿਆਂ ਤੋਂ,
ਮਾਰਿਆ ਪਿਆਰ ਉੱਤੇ ਕੀਤੇ ਇਤਬਾਰ ਨੇ।

ਹਿੱਕ ਉੱਤੇ ਫੁੱਲਾਂ ਵਾਲ਼ੇ ਹਾਰਾਂ ਦੀ ਵੀ ਥੋੜ ਨਾ,
ਪਿੱਠ ਟੋਹ ਕੇ ਵੇਖ ਲੱਗੇ ਫੱਟ ਵੀ ਹਜ਼ਾਰ ਨੇ।

ਬੰਨ੍ਹਣੇ ਨੀ ਆਏ ਹਾਲੇ ਤੀਕ 'ਹਰਦੇਵ' ਨੂੰ,
ਮੂੰਹ-ਜ਼ੋਰ ਘੋੜਿਆਂ ਜਿਹੇ ਅੱਥਰੇ ਵਿਚਾਰ ਨੇ।

*******

ਗੋਹਾ ਚੁੱਕਦੀ ਕੁੜੀ -ਸੁਖਦੀਪ ਕੌਰ ਥਿੰਦ

ਗੋਹਾ ਚੁੱਕਦੀ ਕੁੜੀ   -ਸੁਖਦੀਪ ਕੌਰ ਥਿੰਦ


ਕੁੱਕੜ ਬਾਂਗੇ ਉੱਠੀ ਨੂਰੀ,
ਘਰ ਦਾ ਕੰਮ ਨਿਪਟਾਵੇ।

ਦੋ ਘਰ ਪੋਚੇ-ਭਾਂਡੇ ਕਰਕੇ,
ਗੋਹਾ ਚੁੱਕਣ ਜਾਵੇ।

ਗੋਹਾ ਚੁੱਕ-ਚੁੱਕ ਥੱਕ ਗਈ ਨੂਰੀ,
ਬਹਿ ਗਈ ਜਾ ਕੇ ਛਾਂਵੇਂ।

ਚੋਅ-ਚੋਅ ਪੈਂਦਾ ਰੰਗ ਗੁਲਾਬੀ,
ਫੁੱਲ ਵਾਂਗੂੰ ਕੁਮਲਾਵੇ।

ਮੁੜਕੇ ਵਿੱਚ ਰਲ਼ ਮੈਲ਼ ਮੱਥੇ 'ਤੋਂ,
ਹੇਠਾਂ ਵੱਲ ਨੂੰ ਆਵੇ।

ਮਿਰਗਾਂ ਵਰਗੀ ਤੱਕਣੀ ਉਹਦੀ,
ਨੀਵੀਂ ਪਾ ਸ਼ਰਮਾਵੇ।

ਬੁਲ੍ਹਾਂ ਉੱਤੇ ਆਈ ਸਿੱਕਰੀ,
ਜੀਭ ਫੇਰ ਚਮਕਾਵੇ।

ਥੋੜ੍ਹੀ ਜਿਹੀ ਛਾਂ ਦੇਖ ਕੇ ਦੂਰੋਂ,
ਰੁੱਖ ਵੱਲ ਭੱਜੀ ਆਵੇ।

ਬਹਿ ਗਈ ਪੰਧੀ ਉੱਤੇ ਆ ਕੇ,
ਬੈਠ ਥਕੇਵਾਂ ਲਾਹਵੇ।

ਪਿਛੇ ਬੁਢੀ ਮਾਂ ਉਡੀਕੇ,
ਕਦ ਨੂਰੀ ਘਰ ਆਵੇ।

ਭੁੱਖਿਆਂ ਢਿੱਡ ਵਿੱਚ ਖੋਹ ਪਈ ਪੈਂਦੀ,
ਰੋਟੀ ਆ ਖੁਆਵੇ।

ਕੋਮਲ ਹੱਥ ਬਿਆਈਆਂ ਪਾਟੇ,
ਗੋਹਾ ਪੱਥ ਸੁਕਾਵੇ।

ਢਿੱਡੋਂ ਭੁੱਖੀ ਗੋਹਾ ਚੁੱਕਦੀ,
ਰਾਸ਼ਨ ਕਿੱਥੋਂ ਲਿਆਵੇ।

ਭਰ ਟੋਕਰੀ ਵੇਚ ਪਾਥੀਆਂ,
ਆਟਾ ਦਾਲ਼ ਲਿਆਵੇ।

ਚਾਰ ਰੋਟੀਆਂ ਸੇਕ ਚੁਲ੍ਹੇ 'ਤੇ,
ਮਾਂ ਦੇ ਢਿਡ ਵਿੱਚ ਪਾਵੇ।

ਦਾਲ਼ ਅਚਾਰ ਨਾਲ਼ ਖਾ ਕੇ ਫੁਲਕਾ,
ਰੱਬ ਦਾ ਸ਼ੁਕਰ ਮਨਾਵੇ।

********

ਰਾਜਨੀਤੀ ਦੇ ਨੁਸਖੇ -ਸੁਖਿੰਦਰ

ਰਾਜਨੀਤੀ ਦੇ ਨੁਸਖੇ    -ਸੁਖਿੰਦਰ


ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ-

ਘਰ ਦੇ ਕਿਸੀ ਕੋਨੇ ਵਿੱਚ
ਡੂੰਘਾ ਟੋਹਾ ਪੁੱਟ ਕੇ, ਕਹੋ :
ਇਸ ਜਗ੍ਹਾ ਤੋਂ ਕਿਸੀ
ਦੇਵਤੇ ਦੇ ਨਿਸ਼ਾਨ ਮਿਲੇ ਹਨ

70 ਕਰੋੜ ਦੇਵਤਿਆਂ ਵਿੱਚੋਂ
ਕਿਸੇ ਇੱਕ ਦੇਵਤੇ ਦਾ ਨਾਮ ਤਾਂ
ਤੁਹਾਡਾ ਕੰਮ ਸਾਰ ਹੀ ਦੇਵੇਗਾ

ਇਸ ਨਾਲ ਵੀ ਜੇਕਰ
ਤੁਹਾਡਾ ਕੰਮ ਬਣਦਾ ਨਾ ਦਿਸੇ
ਤਾਂ ਤੁਸੀਂ, ਸ਼ਹਿਰ ਦੇ
ਕਿਸੇ ਵੀ, ਚਰਚਿਤ ਮੰਦਰ, ਮਸਜਿਦ
ਗਿਰਜੇ ਜਾਂ ਗੁਰਦੁਆਰੇ ਦੀ
ਚਾਰਦੀਵਾਰੀ ਲਾਗੇ, ਇੱਕ
ਡੂੰਘਾ ਟੋਇਆ ਪੁੱਟ ਕੇ
ਕਿਸੀ ਅਜਿਹੇ ਦੇਵਤੇ ਦੇ
ਪ੍ਰਗਟ ਹੋਣ ਦਾ
ਐਲਾਨ ਕਰ ਦਿਓ-
ਜੋ, ਉਸ ਧਾਰਮਿਕ ਅਸਥਾਨ ਨੂੰ
ਮੰਨਣ ਵਾਲੇ ਲੋਕਾਂ ਦੇ
ਵਿਸ਼ਵਾਸ਼ ਤੋਂ ਉਲਟ
ਵਿਸ਼ਵਾਸ਼ ਰੱਖਣ ਵਾਲੇ
ਲੋਕਾਂ ਦਾ ਦੇਵਤਾ ਹੋਵੇ

ਮਸਲਨ: ਸੂਰ ਖਾਣ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਗਾਂ ਖਾਣ ਵਾਲਾ ਦੇਵਤਾ
ਉਤਪੰਨ ਕਰ ਦਿਓ;
ਗਾਂ ਖਾਣ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਸੂਰ ਖਾਣ ਵਾਲਾ ਦੇਵਤਾ
ਉਤਪੰਨ ਕਰ ਦਿਓ

ਮਸਲਨ: ਤੰਬਾਕੂ ਨੂੰ ਨਫਰਤ ਕਰਨ ਵਾਲਿਆਂ ਦੇ
ਧਾਰਮਿਕ ਸਥਾਨ ਦੇ ਨੇੜੇ
ਸਿਗਰਟਾਂ ਪੀਣ ਵਾਲਾ ਦੇਵਤਾ
ਉਤਪੰਨ ਕਰ ਦਿਓ;
ਸਮਲਿੰਗਤਾ ਦਾ ਵਿਰੋਧ ਕਰਨ ਵਾਲਿਆਂ ਦੇ
ਧਾਰਮਿਕ ਸਥਾਨ ਨੇੜੇ
ਸਮਲਿੰਗੀ ਭੋਗ ਕਰ ਰਿਹਾ ਦੇਵਤਾ
ਉਤਪੰਨ ਕਰ ਦਿਓ

ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ-

ਅਸੀਂ, ਪੜ੍ਹੇ ਲਿਖੇ, ਅਣਪੜ੍ਹ
ਹੋਣ ਦਾ ਸਬੂਤ ਦੇਣ ਲਈ
ਹਰ ਪਲ, ਤਿਆਰ
ਬੈਠੇ ਹੁੰਦੇ ਹਾਂ

ਮਕਾਰ ਰਾਜਨੀਤੀਵਾਨ
ਸਾਡੀਆਂ ਭਾਵਨਾਵਾਂ ਦੀ ਨਬਜ਼ ਨੂੰ
ਬੜੀ ਚੰਗੀ ਤਰ੍ਹਾਂ ਸਮਝਦੇ ਹਨ
ਉਹ, ਮੌਕਾ ਦੇਖਦਿਆਂ ਹੀ
ਧਾਰਮਿਕ ਭਾਵਨਾਵਾਂ ਨੂੰ
ਭੜਕਾਉਣ ਵਾਲਾ ਪੱਤਾ
ਸੁੱਟਦੇ ਹਨ

ਅਤੇ ਅਸੀਂ-
ਧਾਰਮਿਕ ਜਨੂੰਨ ਨਾਲ ਅੰਨ੍ਹੇ ਹੋਏ
ਤੁਰ ਪੈਂਦੇ ਹਾਂ, ਕਾਫਲੇ ਬਣਾ ਬਣਾ
ਡਾਂਗਾਂ, ਸਰੀਏ, ਬਰਛੇ, ਤਲਵਾਰਾਂ, ਬੰਦੂਕਾਂ
ਹੱਥਾਂ 'ਚ ਫੜ੍ਹ
'ਅੱਲ੍ਹਾ-ਹੂ-ਅਕਬਰ'
'ਬੋਲੇ-ਸੋ-ਨਿਹਾਲ'
'ਜੈ ਬਜਰੰਗ ਬਲੀ'
'ਜੀਸਸ ਕਰਾਈਸਟ'
ਕੰਨ ਪਾੜਵੇਂ ਨਾਹਰੇ ਗੂੰਜਾਂਦੇ ਹੋਏ

ਸਾਡੇ ਅੰਦਰ ਪ੍ਰਵੇਸ਼ ਕਰ ਗਿਆ
ਭੂਸਰਿਆ ਹੋਇਆ ਸਾਨ੍ਹ
ਨੱਕ 'ਚੋਂ ਠੂੰਹੇਂ ਡੇਗਦਾ ਹੋਇਆ
ਗਲੀਆਂ, ਬਾਜ਼ਾਰਾਂ, ਚੌਰਸਤਿਆਂ ਵਿੱਚ
ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ
ਸ਼ਾਪਿੰਗ ਪਲਾਜ਼ਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਨੂੰ
ਅਗਨ ਭੇਟ ਕਰਦਾ ਜਾਂਦਾ ਹੈ

ਅਜਿਹੀ ਗੰਦੀ ਰਾਜਨੀਤੀ ਦੀ
ਭੇਟ ਚੜ੍ਹ ਗਏ
ਪੁੱਤਾਂ ਨੂੰ ਉਡੀਕਦੀਆਂ ਮਾਵਾਂ
ਜ਼ਾਰੋ ਜ਼ਾਰ ਰੋਂਦੀਆਂ ਨੇ
ਸਦਾ ਲਈ ਤੁਰ ਗਏ ਭਰਾਵਾਂ ਨੂੰ
ਯਾਦ ਕਰ ਕਰ
ਭੈਣਾਂ ਵਿਲਕਦੀਆਂ ਨੇ

ਹਜ਼ਾਰ ਵਾਰ ਕੋਸਦੀਆਂ ਨੇ
ਉਹ, ਰਾਜਨੀਤੀ ਦੇ ਉਨ੍ਹਾਂ
ਕਲਮੂੰਹੇਂ ਚਾਣਕੀਆ ਰੂਪੀ
ਬਾਂਦਰਾਂ ਨੂੰ-
ਜੋ ਆਪਣੀਆਂ ਕੁਰਸੀਆਂ ਦੀ
ਦੌੜ 'ਚ ਮਸਤ ਹੋਏ
ਲੋਕਾਂ ਦੇ ਹੱਸਦੇ ਵੱਸਦੇ
ਘਰ ਉਜਾੜ ਦਿੰਦੇ ਹਨ
'ਧਰਮ ਖਤਰੇ ਵਿੱਚ ਹੈ'
ਪਟਰੋਲ ਬੰਬ ਦਾ
ਲੋਕਾਂ ਦੀ ਚੇਤਨਾ ਵਿੱਚ
ਵਿਸਫੋਟ ਕਰਕੇ

ਸਾਡੇ ਸਮਿਆਂ ਵਿੱਚ
ਰਾਜਨੀਤੀ ਕਰਨੀ
ਕਿੰਨੀ ਸੁਖਾਲੀ ਹੋ ਗਈ ਹੈ

ਸਾਡਾ ਸਮਾਂ
ਪੜ੍ਹੇ ਲਿਖੇ, ਅਣਪੜ੍ਹਾਂ ਦਾ
...........

Tuesday, February 23, 2010

ਨਵਾਂ ਵਰ੍ਹਾ: ਲਾ-ਪਤਾ -ਰਵਿੰਦਰ ਰਵੀ

ਨਵਾਂ ਵਰ੍ਹਾ: ਲਾ-ਪਤਾ   -ਰਵਿੰਦਰ ਰਵੀ

ਕੰਨ ਖੜ੍ਹੇ ਹੋ ਜਾਂਦੇ ਹਨ
ਤੀਬਰ ਅਹਿਸਾਸ ਹੇਠ
ਨੀਝ ਲਾਇਆਂ ਵੀ ਕੋਈ ਚਿਹਰਾ
ਵਿਖਾਈ ਨਹੀਂ ਦਿੰਦਾ
ਆਵਾਜ਼ ਨਹੀਂ ਸੁਣਦੀ
ਵਰ੍ਹਿਆਂ ਦੀ ਧੂੜ ਹੇਠ
ਮੰਤਵ, ਦਿਸ਼ਾ, ਅਰਥ, ਸਭ
ਦਬ ਜਾਂਦੇ ਹਨ
ਸਮੇਂ ਤੇ ਸਫਰ ਦੀਆਂ ਖਿੱਚਾਂ ਵਿੱਚ
ਚਿਹਰਾ ਤੇ ਨਕਸ਼
ਝੁਰੜੀ, ਝੁਰੜੀ ਹੋਏ
ਫਟ ਜਾਂਦੇ ਹਨ
ਇਕ ਖਲਾਅ ਜਿਹੀ ਵਿਚ
ਮੇਰਾ ਅੰਧਲਾਪਨ
ਆਪਣੇ ਆਪ ਦੇ ਨਾਲ
ਟੱਕਰਾਂ ਮਾਰਦਾ, ਵੇਖਦਾ ਹੈ:
ਪਹਾੜ ਡਿੱਗ ਪਿਆ ਹੈ
ਦਰਿਆ ਰੁੱਕ ਗਿਆ ਹੈ
ਸਾਗਰ ਸੁੱਕ ਗਿਆ ਹੈ
ਅੰਬਰ ਝੁੱਕ ਗਿਆ ਹੈ
ਏਸ ਵਰੇਸੇ ਹੀ ਕਈ ਵਾਰ
ਯਾਦ ਕੀਤਿਆਂ ਵੀ
ਆਪਣਾ ਨਾਮ,
ਪਤਾ ਤੇ ਫੋਨ ਨੰਬਰ
ਯਾਦ ਨਹੀਂ ਆਉਂਦੇ
ਛਿਣ ਦੀ ਛਿਣ, ਬੰਦਾ
ਤੇ ਉਸਦਾ
ਹਰ ਨਵਾਂ ਵਰ੍ਹਾ,
ਹਵਾ ਵਿੱਚ ਹਵਾ ਹੋ ਜਾਂਦਾ ਹੈ!
ਆਪਣੇ ਆਪ ਅੰਦਰ,
ਲਾ-ਪਤਾ ਹੋ,
ਖੜੋ ਜਾਂਦਾ ਹੈ!!!
.........

ਸ਼ੀਸ਼ੇ ਦੀ ਭਾਸ਼ਾ -ਰਵਿੰਦਰ ਰਵੀ

ਸ਼ੀਸ਼ੇ ਦੀ ਭਾਸ਼ਾ  -ਰਵਿੰਦਰ ਰਵੀ

ਸ਼ੀਸ਼ੇ ਦੀ ਭਾਸ਼ਾ ਅਕਸ
ਅਕਸ ਦਾ ਸੋਮਾਂ ਬੁੱਤ
ਆਪਣੇ ਹੀ ਅੰਦਰ ਬੁੱਤ
ਤਣਾਅ ਪ੍ਰਤਿ-ਤਣਾਅ ਵਿਚ
ਟੁੱਟ ਗਿਆ
'ਨ੍ਹੇਰੀ ਆਈ, ਰੇਤ ਵਾਂਗ,
ਬਿਖਰ ਗਿਆ
ਆਪਣੇ ਹੀ ਟੁਕੜੇ
ਇਕੱਠੇ ਕਰਨ ਦੇ
ਯਤਨ ਵਿਚ ਬੁੱਤ
ਸ਼ੀਸ਼ੇ ਵਲ ਪਰਤਿਆ
........................
..........................
ਏਨਾ ਕੁਝ ਬਦਲ ਗਿਆ!!!
......................................
ਪਰ
..........................................
ਅਕਸ ਨਹੀਂ ਬਦਲਿਆ!!!
..............

Monday, February 22, 2010

ਨਿੱਕੀਆਂ ਪੈੜਾਂ -ਸੁਖਦੀਪ ਕੌਰ ਥਿੰਦ

ਨਿੱਕੀਆਂ ਪੈੜਾਂ  -ਸੁਖਦੀਪ ਕੌਰ ਥਿੰਦ


ਨਿੱਕੀਆਂ ਨਿੱਕੀਆਂ ਪੈੜਾਂ ਮਾਏ,
ਵਿਹੜੇ ਤੇਰੇ ਕਰੀਆਂ।

ਪਤਾ ਨਹੀਂ ਕਦ ਰੁੜ੍ਹ ਫਿਸਲਕੇ,
ਲੰਮੀਆਂ ਲਾਂਘਾਂ ਭਰੀਆਂ।

ਫੜ ਕੇ ਕੋਲ਼ ਬਿਠਾਵੇਂ ਮਾਏ,
ਅਸੀਂ ਫੇਰ ਵੀ ਕਰੀਆਂ ਅੜੀਆਂ।

ਬਾਪ ਦੇ ਮੋਢੇ ਮਾਰ ਛੜੱਪਾ,
ਗਲ਼ ਬਾਹਾਂ ਪਾ ਚੜ੍ਹੀਆਂ।

ਵੀਰ ਮੇਰੇ ਦਾ ਬਸਤਾ ਮਾਏ,
ਮੂਹਰੇ ਹੋ ਕੇ ਫੜਿਆਂ।

ਮੈਂ ਡੁੱਬ ਜਾਣੀ ਹਉਕਾ ਲੈ ਕੇ,
ਆਪੇ ਆ ਕੇ ਧਰਿਆ।

ਵੀਰ ਭੈਣ ਵਿੱਚ ਕਰੇਂ ਵਿਤਕਰਾ,
ਮਾੜਾ ਅਸੀਂ ਕੀ ਕਰਿਆ।

ਵੀਰ ਮੇਰੇ ਨੂੰ ਬੁੱਕਲ਼ ਬਿਠਾਵੇਂ,
ਸਾਨੂੰ ਪਾਸੇ ਕਰਿਆ।

ਭਾਲ ਪ੍ਰਾਹੁਣਾ ਤੂੰ ਮਰਜ਼ੀ ਦਾ,
ਵਿਆਹ ਮੇਰਾ ਸੀ ਧਰਿਆ।

ਫੇਰ ਵੀ ਅੰਮੀਏ ਸਬਰ ਕਰ ਲਿਆ,
ਸ਼ਾਹ ਨਹੀਂ ਮੂਹਰੇ ਭਰਿਆ।

ਪੇਕੇ ਘਰ 'ਤੇ ਮਾਣ ਬੜਾ ਸੀ,
ਫੇਰ ਵੀ ਦਿਲ ਨਹੀਂ ਭਰਿਆ।

ਵੀਰ ਪ੍ਰਾਹੁਣਾ ਆਇਆ ਮਾਏ,
ਵਿਹੜਾ ਲੱਗਦਾ ਭਰਿਆ।

ਵਸਣ ਬਾਪ ਦੇ ਮਹਿਲ-ਮੁਨਾਰੇ,
ਅਸੀਂ ਸਜਦਾ ਹਰ ਦਮ ਕਰਿਆ।

…………..

Sunday, February 21, 2010

ਭਾਵਨਾਵਾਂ - ਸੁਖਿੰਦਰ

ਭਾਵਨਾਵਾਂ   - ਸੁਖਿੰਦਰ


ਵਿਸਕੀ ਦਾ ਪਹਿਲਾ ਹੀ ਪੈੱਗ
ਗਲਾਸ ਵਿੱਚ ਪਾਉਂਦਿਆਂ
ਰਾਜਨੀਤੀਵਾਨ ਬੋਲ ਉੱਠਿਆ :
ਲੇਖਕ ਬੜੇ ਹੀ
ਕਮੀਨੇ ਲੋਕ ਹੁੰਦੇ ਹਨ
ਇੱਕ ਦੂਜੇ ਦੀਆਂ ਪਤਨੀਆਂ ਨਾਲ
ਅੱਖ ਮਟੱਕਾ ਕਰੀ ਜਾਣ ਤੋਂ ਬਿਨ੍ਹਾਂ
ਇਨ੍ਹਾਂ ਨੂੰ ਕੁਝ ਹੋਰ
ਕਰਨਾ ਵੀ ਕੀ ਆਉਂਦਾ ਹੈ
ਪਾਰਟੀ ਫੰਡ ਲਈ, ਇਹ
ਕਦੀ ਟੁੱਟੀ ਕੌਡੀ ਵੀ
ਨਹੀਂ ਦੇਣਗੇ, ਨੰਗ ਕਿਤੋਂ ਦੇ-

ਫਿਰ, ਉਸ ਨੇ
ਗਲਾਸ 'ਚ ਦੂਜਾ ਪੈੱਗ ਪਾਇਆ
ਤੀਜਾ ਅਤੇ ਫਿਰ ਚੌਥਾ ਪੈੱਗ ਵੀ
ਗਟਾਗਟ ਪੀ ਜਾਣ ਤੋਂ ਬਾਹਦ
ਪੂਰੇ ਲੋਰ ਵਿੱਚ ਆਉਂਦਿਆਂ
ਉਹ, ਰਾਜਨੀਤਿਕ ਅੰਦਾਜ਼ ਬਣਾਕੇ
ਬੋਲਿਆ:
ਤੁਸੀਂ, ਕਦੀ ਸ਼ਹਿਰ ਦੇ
ਕਿਸੀ ਦੱਲੇ ਜਾਂ
ਡੋਡੇ ਵੇਚਣ ਵਾਲੇ
ਵਿਉਪਾਰੀ ਕੋਲ ਜਾਓ
ਗੁਰਦੁਆਰੇ ਦੀ ਕੋਈ ਸਮੱਸਿਆ ਦੱਸੋ
ਉਹ, ਝੱਟ ਪੱਟ
500 ਡਾਲਰ ਭੇਟ ਕਰ ਦੇਵੇਗਾ;
ਰੰਡੀਆਂ ਦੇ ਕਿਸੀ ਵਿਉਪਾਰੀ ਜਾਂ
ਸਟਰਿਪਟੀਜ਼ ਕਲੱਬ ਦੇ ਮਾਲਕ ਨੂੰ
ਫੋਨ ਕਰਕੇ ਦੱਸੋ ਕਿ
ਸੈਂਟਾ ਕਲਾਜ਼ ਪਰੇਡ ਜਾਂ
ਗੇ ਪਰੇਡ ਲਈ
ਮੱਦਦ ਦੀ ਲੋੜ ਹੈ
ਉਹ, ਬਿਨ੍ਹਾਂ ਕੁਝ ਪੁੱਛੇ
ਹਜ਼ਾਰ ਡਾਲਰ ਭੇਜ ਦੇਵੇਗਾ;
ਅਫੀਮ, ਭੰਗ, ਚਰਸ ਦੇ ਸਮਗਲਰ ਜਾਂ
ਸ਼ਰਾਬ ਦੇ ਠੇਕੇ ਦੇ
ਕਿਸੀ ਮਾਲਕ ਨੂੰ ਕਹੋ
ਜਨਮ ਅਸ਼ਟਮੀ ਦਾ ਤਿਉਹਾਰ ਹੈ
ਮੰਦਿਰ 'ਚ ਪੂਜਾ ਸਮਗਰੀ
ਖੀ੍ਰਦਣ 'ਚ ਮੱਦਦ ਕਰੇ
ਉਹ, ਬਿਨ੍ਹਾਂ ਕਿਸੀ ਹਿਚਕਿਚਾਹਟ
ਧੂਫ਼, ਅਗਰਬੱਤੀ, ਫਲਾਂ ਨਾਲ ਭਰੇ ਥਾਲ
ਮੰਦਿਰ ਦੇ ਵਿਹੜੇ 'ਚ ਲਿਆ ਧਰੇਗਾ;
ਹਥਿਆਰਾਂ ਦੇ ਕਿਸੀ ਵਿਉਪਾਰੀ ਨੂੰ ਕਹੋ
ਈਦ ਦੇ ਮੌਕੇ
ਮਸਜਿਦ 'ਚ ਜਲਸਾ ਹੋਏਗਾ
ਉਹ, ਬਿਨ੍ਹਾਂ ਕੋਈ ਨਾਂਹ-ਨੁੱਕਰ ਕਰੇ
ਅੱਲਾ-ਹੂ-ਅਕਬਰ ਦਾ ਨਾਹਰਾ ਲਾਂਦਿਆਂ
ਤੁਹਾਡੇ ਸਾਹਮਣੇ ਚੈੱਕ ਬੁੱਕ ਰੱਖ ਕਹੇਗਾ
ਬੋਲੋ: ਮਸਜਿਦ ਲਈ
ਕਿੰਨੇ ਡਾਲਰ ਲਿਖ ਦਿਆਂ

ਰਾਜਨੀਤੀਵਾਨ, ਹੁਣ
ਚਿਹਰੇ ਉੱਤੇ, ਖੱਚਰੀ ਮੁਸਕਰਾਹਟ ਲਿਆ
ਪੰਜਵਾਂ, ਛੇਵਾਂ ਅਤੇ ਫਿਰ
ਸੱਤਵਾਂ ਪੈੱਗ ਵੀ
ਗਟਾਗਟ ਪੀ ਜਾਣ ਤੋਂ ਬਾਹਦ, ਬਸ
ਕੇਵਲ ਏਨਾਂ ਹੀ ਬੋਲਿਆ:
ਹੁਣ ਅਸੀਂ
ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ ਦੇ
ਰੇਡੀਓ, ਟੀਵੀ, ਮੈਗਜ਼ੀਨਾਂ, ਅਖਬਾਰਾਂ ਰਾਹੀਂ
ਧੂੰਆਂਧਾਰ ਜ਼ਹਿਰੀਲਾ ਸ਼ੌਰ ਪਾ ਕੇ
ਧਰਮ-ਯੁੱਧ ਮੋਰਚਾ ਲਾਵਾਂਗੇ
ਗਾਂਧੀ ਜੀ ਦੇ ਸ਼ਾਂਤੀਵਾਦ ਦਾ ਅਡੰਬਰ ਰਚਾ ਕੇ
ਚਿਹਰਿਆਂ ਉੱਤੇ ਰੰਗ-ਬਰੰਗੇ ਮੁਖੌਟੇ ਸਜਾ
ਬਜ਼ਾਰਾਂ, ਚੌਰਸਤਿਆਂ, ਸ਼ਾਪਿੰਗ ਪਲਾਜ਼ਿਆਂ 'ਚ ਨਿਕਲਾਂਗੇ
ਸਾਥੋਂ, ਜਿੰਨੀ ਛੇਤੀ ਹੋ ਸਕਿਆ
ਹਰ ਮੰਦਿਰ, ਮਸਜਿਦ, ਗਿਰਜੇ, ਗੁਰਦੁਆਰੇ ਦੇ
ਲੰਗਰ ਹਾਲ 'ਚ ਸਜੀਆਂ, ਦਹਿਸ਼ਤਗਰਦਾਂ ਦੀਆਂ
ਆਦਮ-ਕੱਦ ਤਸਵੀਰਾਂ ਸਾਹਵੇਂ ਡੰਡੋਤ-ਬੰਦਨਾ ਕਰਦੇ ਹੋਏ
ਮੰਨੂੰਵਾਦ ਦਾ ਪੈਦਾ ਕੀਤਾ
ਜ਼ਾਤ-ਪਾਤ ਦੇ ਕੈਂਸਰ ਦਾ ਝੰਡਾ ਲਹਿਰਾ ਕੇ
ਇਨਕਲਾਬ ਲਿਆਵਾਂਗੇ; ਧਰਮ, ਧਰਮ ਕੂਕ ਕੇ
ਇੱਕ ਦੂਜੇ ਦੇ ਮੰਦਿਰ, ਮਸਜਿਦ
ਗਿਰਜੇ, ਗੁਰਦੁਆਰੇ ਢਾਹ ਕੇ
ਮਾਸੂਮਾਂ, ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ
ਖ਼ੂਨ ਦੀਆਂ ਨਦੀਆਂ ਬਹਾਵਾਂਗੇ

ਜੇ ਹੋ ਸਕਿਆ ਤਾਂ
ਲੋਕ-ਪ੍ਰਲੋਕ ਦੇ ਕਲਿਆਣ ਹਿਤ
ਉੱਥੇ, ਆਏ ਹੋਏ
ਹਰ ਮਾਈ ਭਾਈ ਨੂੰ
ਪੰਜਾਬ 'ਚ ਵਗਦੇ
ਨਸ਼ਿਆਂ ਦੇ ਛੇਵੇਂ ਦਰਿਆ 'ਚੋਂ
ਚੂਲੀਆਂ ਭਰ ਭਰ ਕੇ
ਨਸ਼ਿਆਂ ਦੇ ਜਾਮ-ਏ-ਇਨਸਾਂ ਦਾ
ਅੰਮ੍ਰਿਤ ਪਾਨ ਵੀ ਕਰਾਵਾਂਗੇ
.......

ਬਾਪੂ -ਇੰਦਰਜੀਤ ਪੁਰੇਵਾਲ

ਬਾਪੂ   -ਇੰਦਰਜੀਤ ਪੁਰੇਵਾਲ

ਫੋਨ ਉੱਤੇ ਭੈਣ ਮੇਰੀ ਦੱਸਿਆ ਸੀ ਮੈਨੂੰ,

ਸਾਇਆ ਬਾਪ ਦਾ ਨਾ ਸਿਰ ਤੇ ਰਿਹਾ।

ਕੱਲ ਰਾਤੀਂ ਭੌਰ ਉਹਦਾ ਉੱਡ ਗਿਆ ਵਜ਼ੂਦ ਵਿੱਚੋਂ,

ਸਾਹ ਜ਼ਿੰਦਗੀ ਦਾ ਆਖਰੀ ਲਿਆ।

ਅੱਧੀ-ਅੱਧੀ ਰਾਤੀਂ ਉੱਠ 'ਵਾਜਾਂ ਤੈਨੂੰ ਮਾਰਦਾ ਸੀ,

ਉਹਦਾ ਜਾਂਦਾ ਨਹੀਂ ਸੀ ਦਰਦ ਸਹਿਆ।

ਬੜਿਆਂ ਦਿਨਾਂ ਤੋਂ ਬਾਪੂ ਯਾਦ ਤੈਨੂੰ ਕਰਦਾ ਸੀ,

ਜਾਂਦੀ ਵਾਰੀ ਨਾਮ ਤੇਰਾ ਹੀ ਲਿਆ।

ਇੱਕ ਵਾਰੀ ਆਕੇ ਮੈਨੂੰ ਮਿਲ ਕਿਉਂ ਨਹੀਂ ਜਾਂਦਾ,

ਉਹਨੇ ਕਈ ਵਾਰੀ ਮਾਂ ਨੂੰ ਕਿਹਾ।

ਆਖਦਾ ਹੁੰਦਾ ਸੀ ਲੋਕੀਂ ਵਤਨਾਂ ਨੂੰ ਆਉਂਦੇ,

ਉਹਦਾ ਕਿਉਂ ਨਹੀਂ ਜ਼ਹਾਜ਼ ਉਡਿੱਆ।

ਤੇਰੀਆਂ ਉਡੀਕਾਂ ਵਿੱਚ ਤੁਰ ਗਿਆ ਬਾਪੂ,

ਵੀਰਾ ਕਾਹਨੂੰ ਪਰਦੇਸ ਤੂੰ ਗਿਆ।

ਮਾਂ ਦੀਆਂ ਅੱਖੀਆਂ 'ਚੋਂ ਹੰਝੂ ਮੁੱਕ ਗਏ,

ਉਹ ਵੀ ਨਦੀ ਕੰਢੇ ਰੁੱਖੜਾ ਪਿਆ।

ਰੋਇਆ ਵੀ ਨਾ ਗਿਆ ਮੇਰਾ ਦੁੱਖ ਕਿਸੇ ਵੰਡਿਆ ਨਾ,

ਮੈਂ ਵਿੱਚੋ-ਵਿੱਚ ਹੰਝੂ ਪੀ ਗਿਆ।

ਉਂਗਲੀ ਫੜਾ ਕੇ ਜਿੰਨੇ ਤੁਰਨਾ ਸਿਖਾਇਆ,

ਅੱਜ ਕਿਹੜੇ ਪਾਸੇ ਤੁਰ ਉਹ ਗਿਆ।

ਬਾਰਾਂ ਸਾਲ ਪਹਿਲਾਂ ਮੈਨੂੰ ਦਿੱਲੀਓਂ ਸੀ ਵਿਦਾ ਕੀਤਾ,

ਖੁਦ ਦੁਨੀਆਂ ਤੋਂ ਵਿਦਾ ਹੋ ਗਿਆ।

ਡਾਲਰਾਂ ਨੇ ਤੋੜਤੀਆਂ ਮੋਹ ਦੀਆਂ ਤੰਦਾਂ,

ਉਹਦਾ ਮੂੰਹ ਵੀ ਨਾ ਵੇਖਿਆ ਗਿਆ।

ਖੱਟਿਆ ਤੂੰ ਪੈਸਾ ਮਨਾ ਬਲੀ ਦੇ ਕੇ ਨਾਤਿਆਂ ਦੀ,

ਮੈਨੂੰ ਮੇਰੀ ਹੀ ਜ਼ਮੀਰ ਨੇ ਕਿਹਾ।

ਭੁੱਬਾਂ ਮਾਰ ਰੋ ਭਾਂਵੇਂ ਮਣ-ਮਣ ਹੰਝੂ ਕੇਰ,

ਉੱਥੇ ਗਿਆ ਨਾ ਕਦੇ ਕੋਈ ਮੁੜਿਆ।

ਧੀਆਂ-ਪੁੱਤਾਂ ਤਾਂਈ ਲੋੜ ਹੁੰਦੀ ਸਦਾ ਮਾਪਿਆਂ ਦੀ,

'ਪੁਰੇਵਾਲ' ਐਂਵੇ ਨਹੀਂ ਸਿਆਣਿਆਂ ਕਿਹਾ।
...............

Thursday, February 11, 2010

ਚਾਰ ਕਵਿਤਾਵਾਂ -ਸੁਖਿੰਦਰ

ਚਾਰ ਕਵਿਤਾਵਾਂ   -ਸੁਖਿੰਦਰ
 
1.
ਸੰਭਾਵਨਾਵਾਂ

ਅਜੋਕੇ ਸਮਿਆਂ ਵਿੱਚ
ਕੁਝ ਵੀ ਵਾਪਰ ਸਕਦਾ ਹੈ-

ਆਦਮੀ ਦੇ ਘਰ
ਬਾਂਦਰ ਪੈਦਾ ਹੋ ਸਕਦਾ ਹੈ
ਕੁੱਤਾ, ਬਘਿਆੜ, ਖੋਤਾ ਜਾਂ
ਇਹੋ ਜਿਹਾ, ਕੁਝ ਵੀ ਹੋਰ

ਕੋਈ ਇਹ ਵੀ ਆਖ ਸਕਦਾ ਹੈ:
ਆਦਮੀ ਦੇ ਘਰ
ਭਾਵੇਂ, ਹੋਰ ਜੋ ਕੁਝ ਮਰਜ਼ੀ ਜੰਮ ਪਵੇ
ਪਰ, ਮਗਰਮੱਛ ਜਾਂ ਸੱਪ
ਨਹੀਂ ਜੰਮ ਸਕਦਾ

ਪਰ ਤਰਕਵਾਦੀ
ਇਸ ਗੱਲ ਦਾ ਵੀ ਉੱਤਰ
ਢੂੰਡ ਲੈਣਗੇ-

ਵੇਖਣ ਨੂੰ ਭਾਵੇਂ
ਆਦਮੀ ਦੇ ਘਰ ਜੰਮਿਆਂ ਬੱਚਾ
ਮਨੁੱਖ ਹੀ ਲੱਗਦਾ ਹੋਵੇ
ਗੱਲਬਾਤ ਵਿੱਚ ਭਾਵੇਂ
ਮਨੁੱਖਾਂ ਵਾਲੀ ਸ਼ਬਦਾਵਲੀ ਹੀ
ਵਰਤਦਾ ਹੋਵੇ

ਪਰ ਉਸ ਦੀਆਂ ਹਰਕਤਾਂ
ਉਸ ਦੀ ਚਾਲ ਢਾਲ
ਆਪਣੇ ਆਪ ਹੀ ਬੋਲ ਪੈਣਗੇ

ਸ਼ਕਲਾਂ ਤਾਂ, ਮਹਿਜ਼
ਭਰਮ ਜਾਲ ਹੀ ਹੁੰਦੀਆਂ ਹਨ
ਤੁਹਾਨੂੰ ਉਲਝਾਈ ਰੱਖਣ ਲਈ-

ਹਕੀਕਤ ਅਤੇ ਭਰਮ ਦਰਮਿਆਨ
ਰੇਤ ਦੀ ਉਸਰੀ ਕੰਧ ਵਾਂਗ਼
.......
2.
ਪੁੱਠਾ ਗੇੜ 

ਇਤਿਹਾਸ ਨੂੰ ਪੁੱਠਾ ਗੇੜ ਦੇਣ ਵਾਲੇ ਕਿਰਦਾਰ
ਮੁੜ, ਮੁੜ ਆਉਂਦੇ ਹਨ-

ਹਰ ਵਾਰ, ਉਨ੍ਹਾਂ ਦੇ ਚਿਹਰੇ ਉੱਤੇ
ਕੋਈ ਨਵਾਂ ਮੁਖੌਟਾ ਸਜਿਆ ਹੁੰਦਾ ਹੈ

ਪਰ, ਉਨ੍ਹਾਂ ਦੇ ਨਾਹਰੇ ਨਹੀਂ ਬਦਲੇ:
ਸਿਰਫ ਹਿੰਦੂਆਂ ਲਈ
ਸਿਰਫ ਸਿੱਖਾਂ ਲਈ
ਸਿਰਫ ਮੁਸਲਮਾਨਾਂ ਲਈ
ਸਿਰਫ ਯਹੂਦੀਆਂ ਲਈ
ਸਿਰਫ ਈਸਾਈਆਂ ਲਈ

ਸਦੀਆਂ ਬੀਤ ਜਾਣ ਬਾਹਦ ਵੀ
ਉਨ੍ਹਾਂ ਦੇ ਬੰਦ ਦਿਮਾਗ਼ਾਂ ਦੇ ਬੂਹੇ ਨਹੀਂ ਖੁੱਲ੍ਹੇ
ਉਹ, ਅਜੇ ਵੀ, ਇਨਸਾਨ ਨਹੀਂ ਬਣ ਸਕੇ

ਧਰਮ ਧਰਮ ਕੂਕਦੇ, ਉਹ
ਨਿੱਕੀਆਂ ਨਿੱਕੀਆਂ ਬੱਚੀਆਂ ਦੇ ਢਿੱਡਾਂ ਵਿੱਚ
ਛੁਰੇ ਘੋਪ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀ ਮਾਂ ਜਿਹੀ ਔਰਤ ਦਾ
ਬਲਾਤਕਾਰ ਕਰ ਦਿੰਦੇ ਹਨ
ਧਰਮ ਦੇ ਨਾਮ ਉੱਤੇ, ਉਹ
ਆਪਣੀਆਂ ਹੀ ਮਾਸੂਮ ਧੀਆਂ ਦੇ
ਜਿਸਮਾਂ ਦੇ ਟੁੱਕੜੇ ਟੁੱਕੜੇ ਕਰਕੇ
ਤੰਦੂਰ ਵਿੱਚ ਬਾਲਣ ਬਣਾ ਬਾਲ ਦਿੰਦੇ ਹਨ

ਕੁਝ ਵੀ ਨਹੀਂ ਬਚਿਆ
ਇਨ੍ਹਾਂ ਮੁਖੌਟਾਧਾਰੀ ਕਿਰਦਾਰਾਂ ਤੋਂ-

ਰੇਡੀਓ, ਟੀਵੀ, ਇੰਟਰਨੈੱਟ
ਅਖਬਾਰਾਂ, ਮੈਗਜ਼ੀਨ
ਸਕੂਲ, ਕਾਲਿਜ, ਯੂਨੀਵਰਸਿਟੀਆਂ
ਦਫ਼ਤਰ, ਘਰ, ਸ਼ਾਪਿੰਗ ਪਲਾਜ਼ੇ

ਹਰ ਜਗ੍ਹਾ ਹੀ, ਇਹ
ਦਨਦਨਾਂਦੇ ਫਿਰਦੇ ਹਨ

ਕਿਸੇ ਦੇਸ਼ ਦੀ ਖੁਫੀਆ ਫੌਜ ਦੇ
ਸਿਪਾਹੀਆਂ ਵਾਂਗ-
ਕਾਰਾਂ, ਵੈਨਾਂ, ਟਰੱਕਾਂ 'ਚ ਲੁਕੇ ਬੈਠੇ
ਆਪਣੇ ਮਨਾਂ 'ਚ ਪਲ ਰਹੇ
ਨਫਰਤ ਦੇ ਕੀਟਾਣੂੰਆਂ ਦੀ
ਉਲਟੀ ਕਰਨ ਲਈ
.........


3.
ਚਿੜੀਆਂ 

ਫੁਰ ਫੁਰ ਕਰਦੀਆਂ ਚਿੜੀਆਂ ਵਾਂਗ
ਉੱਡਦੀਆਂ ਫਿਰਦੀਆਂ ਕੁੜੀਆਂ
ਸਹਿਜੇ ਹੀ ਫਸ ਜਾਂਦੀਆਂ ਨੇ
ਸ਼ਿਕਾਰੀਆਂ ਦੇ ਸੁੱਟੇ ਹੋਏ ਜਾਲ ਵਿੱਚ

ਲਾਹੌਰ ਦੀ ਹੀਰਾ ਮੰਡੀ ਹੋਵੇ
ਜਾਂ ਟੋਰਾਂਟੋ ਦੀ ਯੰਗ ਸਟਰੀਟ
ਵੈਨਕੂਵਰ ਦੇ ਸਟਰਿਪਟੀਜ਼ ਕਲੱਬ ਹੋਣ
ਜਾਂ ਦਿੱਲੀ ਦੀ ਜੀ.ਬੀ. ਰੋਡ
ਹਰ ਜਗ੍ਹਾ ਹੀ ਰੁਲ ਰਹੀਆਂ ਨੇ
ਘਰਾਂ 'ਚੋਂ ਵਰਗਲਾ ਕੇ
ਲਿਆਂਦੀਆਂ ਹੋਈਆਂ, ਮਾਸੂਮ
ਅਤੇ ਭੋਲੀਆਂ ਭਾਲੀਆਂ ਕੁੜੀਆਂ

ਨਵੇਂ ਯੁੱਗ ਵਿੱਚ ਸ਼ਿਕਾਰੀਆਂ ਨੇ
ਨਵੇਂ ਬਹਾਨੇ ਲੱਭ ਲਏ ਹਨ
ਇਨ੍ਹਾਂ ਚਿੜੀਆਂ ਨੂੰ
ਆਪਣੇ ਜਾਲਾਂ ਵਿੱਚ ਫਸਾਣ ਲਈ

ਬੇਗਾਨੇ ਦੇਸ਼ਾਂ ਵਿੱਚ
ਚੰਗੀਆਂ ਨੌਕਰੀਆਂ ਦਵਾਉਣ ਦਾ ਚੋਗਾ ਸੁੱਟ
ਲਿਆ ਬਿਠਾਂਦੇ ਹਨ ਉਨ੍ਹਾਂ ਨੂੰ
ਰੰਡੀਆਂ ਦੇ ਕੋਠਿਆਂ ਉੱਤੇ:
ਮੈਸਾਜ਼ ਪਾਰਲਰਾਂ ਦੇ ਸਾਈਨ ਬੋਰਡ ਲਗਾ ਕੇ
ਕਾਲ ਸੈਂਟਰਾਂ ਦੀਆਂ ਓਪਰੇਟਰਾਂ ਦਾ ਬਹਾਨਾ ਬਣਾ ਕੇ
ਰੇਡੀਓ ਨੀਊਜ਼ਕਾਸਟਰਾਂ ਦਾ ਖੂਬਸੂਰਤ ਲੇਬਲ ਲਗਾ ਕੇ

ਹਰੇਕ ਦੇਸ਼ ਦੀਆਂ ਚਿੜੀਆਂ ਨੂੰ
ਜਾਲ ਵਿੱਚ ਫਸਾਉਣ ਲਈ
ਉਨ੍ਹਾਂ ਕੋਲ, ਕੋਈ ਨਵਾਂ ਫਾਰਮੂਲਾ ਹੁੰਦਾ ਹੈ:
ਭਾਰਤੀ ਚਿੜੀਆਂ ਵਾਸਤੇ
'ਨਰਸਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੁਮਾਨੀਅਨ ਚਿੜੀਆਂ ਵਾਸਤੇ
'ਡਾਂਸਰਾਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਰੂਸੀ ਚਿੜੀਆਂ ਵਾਸਤੇ
'ਮਾਲਿਸ਼ ਕਰਨ ਵਾਲੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ
ਪਾਕਿਸਤਾਨੀ ਚਿੜੀਆਂ ਵਾਸਤੇ
'ਪਤਨੀਆਂ ਦੀ ਲੋੜ' ਦਾ ਚੋਗਾ ਸੁੱਟਦੇ ਹਨ

ਫੁਰ ਫੁਰ ਕਰਦੀਆਂ ਚਿੜੀਆਂ ਨੂੰ
ਆਪਣੇ ਜਾਲ ਵਿੱਚ ਫਸਾਉਣ ਲਈ
ਵਿਸ਼ਵਮੰਡੀ ਦੇ ਮਕਾਰ ਦਲਾਲਾਂ ਕੋਲ
ਸਤਰੰਗੀ ਪੀਂਘ ਦੇ ਰੰਗਾਂ ਵਰਗੇ
ਰੰਗੀਨ ਸੁਪਣਿਆਂ ਦੇ ਭੰਡਾਰ ਹਨ

ਤੁਹਾਡੀ ਲੋੜ ਨੂੰ ਸਮਝ
ਤੁਹਾਡੀ ਮਜਬੂਰੀ ਨੂੰ ਪਹਿਚਾਣ
ਹਰ ਗਾਹਕ ਨੂੰ
ਆਪਣਾ ਮਾਲ ਵੇਚ ਸਕਣ ਦੀ
ਸਮਰੱਥਾ ਰੱਖਣ ਵਾਲੇ
ਚੁਸਤ ਵਿਉਪਾਰੀਆਂ ਵਾਂਗ
........

4.
ਗਲੋਬਲ ਪਿੰਡ 

ਹੇਤੀ ਵਿੱਚ ਆਈਆਂ
ਭੂਚਾਲ ਦੀਆਂ ਤਰੰਗਾਂ ਨੇ
ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ
ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ

ਹਰ ਕੋਈ ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ
ਆਪਣਾ ਦੁੱਖ ਸਮਝਣ ਲੱਗਾ
ਰਾਜਨੀਤੀਵਾਨ, ਪੱਤਰਕਾਰ, ਲੇਖਕ
ਗਾਇਕ, ਸੰਗੀਤਕਾਰ, ਅਦਾਕਾਰ
ਵਿਸ਼ਵ-ਅਮਨ ਅਤੇ ਖੁਸ਼ਹਾਲੀ ਦੀ
ਬਾਤ ਪਾਉਣ ਲੱਗੇ

ਹਵਾਵਾਂ ਵਿੱਚ ਗੀਤ ਗੂੰਜ ਪਏ:
ਅਸੀਂ ਇੱਕ ਹਾਂ
ਸਾਡਾ ਸੁਪਣਾ ਇੱਕ ਹੈ
ਸਾਡੀ ਖੁਸ਼ੀ ਇੱਕ ਹੈ
ਸਾਡਾ ਦੁੱਖ ਇੱਕ ਹੈ
ਸਾਡਾ ਮਰਨਾ ਇੱਕ ਹੈ
ਸਾਡਾ ਜੀਣਾ ਇੱਕ ਹੈ

ਰੰਗਾਂ ਦੇ ਭੇਦ ਤੋਂ ਉੱਪਰ ਉੱਠ
ਧਰਮਾਂ ਦੀ ਤੰਗ ਵਲਗਣ 'ਚੋਂ ਬਾਹਰ ਆ
ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ
ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ ਬਾਂਬੜਾਂ ਨੂੰ ਬੁਝਾ

'ਅਮਨ' ਅਤੇ 'ਖੁਸ਼ਹਾਲੀ ਸਭਨਾਂ ਲਈ', ਵਰਗੇ
ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ

ਬਦਲ ਰਹੇ ਸਮਿਆਂ ਵਿੱਚ
ਗਲੋਬਲ ਪਿੰਡ ਦਾ
ਇੱਕ ਅਰਥ ਇਹ ਵੀ ਹੈ
..............

Thursday, December 24, 2009

ਇਹ ਅਕਲਾਂ ਦੇ ਝਗੜੇ -ਹਰਦੇਵ ਗਰੇਵਾਲ

ਨਜ਼ਮ   -ਹਰਦੇਵ ਗਰੇਵਾਲ


ਇਹ ਅਕਲਾਂ ਦੇ ਝਗੜੇ, ਇਹ ਸਮਝਾਂ ਦੇ ਝੇੜੇ
ਇਹ ਵਾਦਾਂ ਵਿਵਾਦਾਂ ਦੀ ਹਰਦਮ ਤਿਆਰੀ
ਤਨਾਅ ਦੇ ਸਮਾਨਾਂ ਨੂੰ ਗਲ਼ ਨਾਲੋਂ ਲਾਹ ਕੇ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ

ਉਹ ਬਾਬੇ ਮਤਾਬੇ ਦੇ ਕਿੱਸੇ ਤੇ ਬਾਤਾਂ
ਨਾ ਬੋਝਲ਼ ਸੀ ਦਿਨ, ਨਾ ਹੀ ਸਹਿਮੀਆਂ ਰਾਤਾਂ
ਉਹ ਰੂੰਘੇ ਦੇ ਲਾਲਚ ਲਈ ਹੱਟੀ ਤੇ ਫੇਰੀ
ਬੜੀ ਯਾਦ ਆਵੇ ਉਹ ਕੈਲੇ ਕੀ ਬੇਰੀ
ਉਹ ਕਰਮੇ ਕੇ ਸਾਂਝੀ ਦੇ ਪਿਆਰੇ ਜਿਹੇ ਸੁਪਨੇ
ਨਾ ਜੈਲੇ ਕੇ ਬੋਤੇ ਦੀ ਭੁੱਲਦੀ ਸਵਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ.....

ਉਹ ਬੰਤੇ ਕੇ ਖੱਤੇ 'ਚੋਂ ਗੰਨੇ ਚੁਰਾਉਣਾ
ਉਹ ਬੋਬੀ ਦੀ ਭੱਠੀ 'ਤੋਂ ਦਾਣੇ ਭੁਨਾਉਣਾ
ਉਹ ਭਗਵਾਨੇ ਅਮਲੀ ਨੂੰ ਹਰ ਪਲ ਚਿੜਾਉਣਾ
ਪਿੰਡੋਂ ਬਾਹਰ ਕੱਸੀ 'ਤੇ ਮੱਝਾਂ ਨਹਾਉਣਾਂ
ਬਰੋਟੇ ਦੀ ਠੰਡੀ ਜਿਹੀ ਛਾਂ ਨਾ ਭੁੱਲਦੀ
ਨਾ ਭੁੱਲਦੀ ਮਟੀ ਵਾਲੇ ਟੋਭੇ ਦੀ ਤਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ.....

ਇਹ ਭਾਵਾਂ ਨੂੰ ਕੱਜ ਕੇ ਤੇ ਰੀਝਾਂ ਨੂੰ ਡੱਕ ਕੇ
ਸਭ ਉੱਠਦੇ ਉਬਾਲ਼ਾਂ ਨੂੰ ਅੰਦਰ ਹੀ ਦੱਬ ਕੇ
ਇਹ ਰੀਤਾਂ ਦੇ ਬੰਧਨ ਰਿਵਾਜਾਂ ਦੀ ਫਾਹੀ
ਜੋ ਪਲ ਪਲ ਕਸੇ, ਜਿਹੜੀ ਜਾਵੇ ਨਾ ਲਾਹੀ
ਇਹ ਧਰਮਾਂ ਤੇ ਜ਼ਾਤਾਂ ਤਲੇ ਕੁਚਲੀ ਜ਼ਿੰਦਗੀ
ਹੈ ਬਚਪਨ ਦੇ ਦੋ ਪਲ ਦੇ ਉੱਤੋਂ ਦੀ ਵਾਰੀ
ਆ ਲਾਈਏ ਕਿਤੇ ਚੱਲ ਖ਼ਲਾਅ 'ਚ ਉਡਾਰੀ...
..................

Thursday, November 19, 2009

ਕਵਿਤਾ ਨਾਲ ਸੰਵਾਦ -ਹਰਕੀਰਤ 'ਹੀਰ'


ਕਵਿਤਾ ਨਾਲ ਸੰਵਾਦ    -ਹਰਕੀਰਤ 'ਹੀਰ'



ਅੱਜ ਅਚਾਨਕ ਕਵਿਤਾ
ਮੇਰੇ ਕੋਲ ਆ ਖਡ਼ੀ ਹੋਈ  
ਹੋਲੀ ਜੇਹੀ ਮੁਸਕਾਈ
ਤੇ ਬੋਲੀ .....
'' ਤੂੰ ਮੈਨੂ ਭੁਲ ਗਈ ਨਾ 'ਹੀਰ'
ਖਬਰੇ  ਹੁਣ ਤੈਨੂ ਮੇਰੀ ਲੋਡ਼ ਨਹੀਂ '' ....

ਮੈਂ ਸਹਿਮ ਗਈ
ਹਿਰੀਆਂ ਨਜ਼ਰਾਂ ਨਾਲ
ਕਵਿਤਾ ਵਲ ਵੇਖਿਆ ..
ਉਸਨੂੰ  ਸੀਨੇ ਨਾਲ ਲਾ, ਆਖਿਆ  ....
'' ਤੂੰ ਮੈਨੂ ਗਲਤ ਸਮਝ ਰਹੀ ਹੈਂ ਸਖੀਏ
ਤੇਰੇ ਬਿਨਾ ਮੇਰੀ ਕੋਈ ਹੋਂਦ ਨਹੀਂ
ਤੂੰ ਤੇ ਮੇਰੇ ਜਿਸਮ ,
ਮੇਰੀ ਰੂਹ ਵਿਚ ਵਸਦੀ  ਹੈਂ
ਜੇਕਰ ਤੂੰ ਨਾ ਹੁੰਦੀ ...
'ਹੀਰ ' ਨੇ ਵੀ ਨਹੀਂ ਸੀ ਹੋਣਾ
ਤੇਰੇ ਤੋਂ  ਤਾਂ ਹੀ ਮੈਂ
ਇਹ ਜੀਵਨ ਪਾਇਆ ਹੈ
ਤੇ ਤੇਰੇ ਨਾਲ ਹੀ
ਖਤਮ ਵੀ ਕਰਾਂਗੀ ...

ਪਰ ਜਾ....
ਅੱਜ ਮੈਂ   ਤੈਨੂੰ
ਅਜਾਦ ਕਰਦੀ ਹਾਂ
ਪਤਾ ਕਿਓਂ ....?
ਖੋਰੇ  ਮੇਰੇ ਵਰਗੀਆਂ
ਹੋਰ ਕਿਤਨੀਆਂ ਰੂਹਾਂ ਨੂੰ
ਤੇਰੀ ਤਲਾਸ਼ ਹੋਵੇ .....!!

..............

Saturday, November 7, 2009

ਸਮਝ ਜਾਣਗੇ (ਗੀਤ) - ਕੁਲਵੰਤ ਕੋਰ ਚੰਨ ਜੰਮੂ


       ਸਮਝ ਜਾਣਗੇ (ਗੀਤ)    - ਕੁਲਵੰਤ ਕੋਰ ਚੰਨ ਜੰਮੂ


                                                            
ਸਮਝ ਲੈਣਗੇ ਸਮਝਣ ਵਾਲੇ , ਕਦਰ ਜਿੰਨਾਂ ਨੂੰ ਯਾਰਾਂ ਦੀ
ਬਰਫਾਂ ਨੂੰ ਕੀ ਸਮਝਣਗੇ, ਅੱਗ ਲਾਈ ਜਿੰਨਾਂ ਪਿਆਰਾਂ ਦੀ
        ਸਮਝ ਲੈਣਗੇ ਸਮਝਣ ਵਾਲੇ…......

ਯਾਦਾਂ ਦੇ ਫੁੱਲ ਲੈ ਕੇ ਕੋਈ ,ਵੇਖੋ ਪਏ ਹਾਰ ਪਰੌਂਦੇ ਨੇ
ਵੇਖ ਤਮਾਸ਼ਾ ਆਖਣ ਕੋਈ ਇਹ ਐਂਵੇ ਪਏ ਰੋਂਦੇ ਨੇ
ਸਮਝ ਨਾ ਮੈਨੂੰ ਲੋਕੋ  ਕੀ, ਗਾਇਆ ਮੈਂ ਗੀਤ ਏ
ਸਮਝ ਜਾਣਗੇ ਬਿੰਨ ਬੋਲੇ ,ਇਹ ਸੱਜਣਾ ਦੀ ਪ੍ਰੀਤ ਏ
ਪਰਖ ਕਦਰ ਤਾਂ ਉਹ ਹੀ ਪਾਉਂਦੇ, ਕਦਰ ਜਿੰਨਾਂ ਨੂੰ ਪਿਆਰਾ ਦੀ
        ਸਮਝ ਲੈਣਗੇ ਸਮਝਣ ਵਾਲੇ………

ਦਰਦ ਲਕੋ ਕੇ ਸੀਨੇ ਦੇ ਵਿਚ, ਰੱਖੇ  ਲੋਕੋ ਇੰਨੇ ਨੇ
ਅਸਮਾਨੀ ਤਾਰੇ ਬੇਦਰਦੋ,ਟਿਮਟਮਾਉਂਦੇ ਜਿੰਨੇ ਨੇ
ਵੇਖੋਗੇ ਤੇ ਸੋਚੋਗੇ ਕਿਵੇਂ, ਵੱਗਦੇ ਅੱਥਰੂ ਰੋੋਕ ਗੇ
ਸੁਨੋਗੇ ਗੀਤ ਜਦੋ ਮੇਰੇ ,ਨਾ ਰੋਕੋਗੇ ਨਾ ਟੋਕੋਗੇ
ਪਤਝ੍ਹੜ ਵੇਖੀ ਜਿੰਦਗੀ ਦੇ ਵਿਚ ,ਉਹ ਕਦਰ ਪਾਉਣ ਬਹਾਰਾਂ ਦੀ
         ਸਮਝ ਲੈਣਗੇ ਸਮਝਣ ਵਾਲੇ………

ਅੱਖੀਆਂ ਨੇ ਪੱਥਰਾਈਆਂ ਸਾਸਾਂ ,ਬਾਜੋ ਸੱਜਣਾ ਰੁਕ ਗਈਆਂ
ਵਹਿੰਦੇ ਦਰਿਆ ਨਦੀਆਂ ,ਹਾੜੇ ਮੇਰੇ ਸੁਣ ਸੁੱਕ ਗਈਆਂ
ਕੁਲਵੰਤ ਭਰੇਂਦੀ ਹੋਕੇ ਫਿਰਦੀ ,ਲਿੱਖ ਲਿੱਖ ਗੀਤਾਂ ਲੋਕੋ ਵੇ
ਸੁਣ ਲਓ ਮੇਰੇ ਹਾੜੇ ਨਾ ,ਹੱਥ ਫ੍ਹੜ ਰੋਕੋ ਮੈਨੂੰ ਲੋਕੋ ਵੇ
ਸੱਜਣ ਪ੍ਰਦੇਸੀ ਜਿੰਨਾਂ ਦੇ ਰਹਿੰਦੇ, ਕੀ ਜਿੰਦਗੀ ਉਹਨਾਂ ਨਾਰਾਂ ਦੀ
       ਸਮਝ ਲੈਣਗੇ ਸਮਝਣ ਵਾਲੇ………

ਸਮਝ ਲੈਣਗੇ ਸਮਝਣ ਵਾਲੇ, ਕਦਰ ਜਿੰਨਾਂ ਨੂੰ  ਯਾਰਾਂ ਦੀ
ਬਰਫਾਂ ਨੂੰ ਕੀ ਸਮਝਣਗੇ ,ਅੱਗ ਲਾਈ ਜਿੰਨਾ ਪਿਆਰਾਂ ਦੀ
............

ਨੀਲ ਨਦੀ ਸਿਸਕਦੀ ਹੈ -ਸ਼ਿਵਚਰਨ ਜੱਗੀ ਕੁੱਸਾ

ਨੀਲ ਨਦੀ ਸਿਸਕਦੀ ਹੈ   -ਸ਼ਿਵਚਰਨ ਜੱਗੀ ਕੁੱਸਾ




ਮੈਂ ਦੁਖੀ ਹੋਇਆ ਘਰੋਂ ਨਿਕਲ਼ਿਆ
ਪੈੜੋ-ਪੈੜ ਤੁਰਦਾ ਚਲਾ ਗਿਆ ਦਰਿਆ ਕੋਲ,
ਸੋਚਿਆ,
ਕੋਈ ਆਸਰਾ ਜਾਂ ਧਰਵਾਸ ਦੇਵੇਗਾ
ਤੇ ਧੋ ਸੁੱਟੇਗਾ
ਦਿਲ ਤੋਂ ਮੇਰੇ ਜ਼ਖ਼ਮਾਂ ਦਾ ਸੁੱਕਿਆ ਖ਼ੂਨ!
ਨੁਹਾ ਧੁਆ ਕੇ,
ਨਿਖ਼ਾਰ ਦੇਵੇਗਾ,
ਮੇਰੇ ਧੁਆਂਖੇ ਅਰਮਾਨ!
ਆਪਣੇ ਪਵਿੱਤਰ ਜਲ ਦਾ ਛਿੱਟਾ ਦੇ ਕੇ
ਸੁਰਜੀਤ ਕਰ ਦੇਵੇਗਾ,
ਮੇਰੀਆਂ ਮੁਰਛਤ ਹੋਈਆਂ ਸਧਰਾਂ!
ਨਿੱਘੀ ਗਲਵਕੜੀ ਵਿਚ ਲੈ ਕੇ
ਬਖ਼ਸ਼ੇਗਾ ਮੈਨੂੰ ਆਤਮਿਕ ਬਲ!
ਤੇ ਮੇਰੀਆਂ ਬੁਝਦੀਆਂ ਜਾਂਦੀਆਂ
ਆਸਾਂ ਦੇ ਦੀਵੇ ਵਿਚ,
ਚੋਵੇਗਾ ਰਹਿਮਤ ਦਾ ਤੇਲ!
...ਪਰ ਮੈਂ ਹੈਰਾਨ ਹੋਇਆ,
ਅੱਗਿਓਂ ਦਰਿਆ ਵੀ ਰੋ ਰਿਹਾ ਸੀ!
ਐਡੇ ਵੱਡੇ ਵਿਸ਼ਾਲ ਹਿਰਦੇ ਦਾ ਮਾਲਕ!!
ਮੈਂ ਉਸ ਨੂੰ ਪਹਿਲੀ ਵਾਰ
ਰੋਂਦੇ ਨੂੰ ਤੱਕਿਆ ਸੀ!
ਨਹੀਂ ਤਾਂ ਉਸ ਦੀ ਮਸਤੀ,
ਅਤੇ ਸਿਰੜ ਨੂੰ ਮੈਂ
ਸਿਜ਼ਦਾ ਹੀ ਕੀਤਾ ਸੀ
ਅਤੇ ਕੀਤਾ ਸੀ ਮਾਣ,
ਉਸ ਦੀ ਜ਼ਿੰਦਾ-ਦਿਲੀ 'ਤੇ!
ਕਿਉਂ ਰੋ ਰਿਹੈਂ ਤੂੰ...?
ਮੈਂ ਰੋਂਦੇ ਦਰਿਆ ਨੂੰ
ਦਿਲੋਂ ਪਸੀਜ ਕੇ ਪੁੱਛਿਆ,
ਤਾਂ ਉਸ ਦੇ ਹਾਉਕੇ ਹੋਰ ਉਚੇ ਹੋ ਗਏ
ਅਤੇ ਦਮ ਲੈ ਕੇ ਬੋਲਣ ਲੱਗਿਆ,
ਜਿੰਨ੍ਹਾਂ ਨੂੰ ਮੈਂ ਸਧਰਾਂ ਨਾਲ਼ ਪਾਲ਼ਿਆ,
ਅਰਮਾਨਾਂ ਨਾਲ਼ ਸਿੰਜਿਆ,
ਸਭ ਮੇਰੇ ਵੈਰੀ ਬਣ ਗਏ....!
ਮੈਂ ਪੁੱਛਿਆ,
ਕੀ ਦਰਦ ਹੈ ਤੈਨੂੰ?
...ਤੇ ਲੱਗ ਪਿਆ ਮੈਨੂੰ
ਦਰਦ ਦੀ ਦਾਸਤਾਨ ਸੁਣਾਉਣ...
ਦਰੱਖ਼ਤ ਲਾਏ ਸਨ
ਕਿ ਛਾਂ ਦੇਣਗੇ
ਵਾਤਾਵਰਣ ਸਾਫ਼ ਕਰਨਗੇ
ਤੇ ਮੇਰੀ ਸੁੰਦਰਤਾ ਵਧਾਉਣਗੇ,
ਲੋਕ ਮੈਨੂੰ ਹਸਰਤ ਅਤੇ ਉਤਸ਼ਾਹ ਨਾਲ਼
ਦੇਖਣ ਆਇਆ ਕਰਨਗੇ!
ਪਰ....
ਇਕ ਨੀਲ ਨਦੀ ਸੀ...
ਉਸ ਨਾਲ਼ ਮੇਰਾ ਜੁੱਗੜਿਆਂ ਦਾ ਮਿਲਾਪ ਸੀ
ਮੇਰੇ ਪਾਲ਼ੇ ਰੁੱਖ
ਉਸ ਦੇ ਰਸਤੇ ਵਿਚ
ਜੜ੍ਹੋਂ ਉਖੜ ਉਖੜ ਡਿਗਦੇ ਰਹੇ
ਤੇ ਬਣਦੇ ਰਹੇ
ਉਸ ਦੇ ਰਾਹ ਦਾ ਰੋੜਾ!
ਪਾਉਂਦੇ ਰਹੇ
ਸਾਡੀ ਮਿਲਣੀ ਵਿਚ ਅੜੱਚਣ!
ਨਾ ਆਪ ਰਹੇ,
ਤੇ ਨਾ ਸਾਨੂੰ ਮਿਲਣ ਦਿੱਤਾ।
ਹੁਣ ਸਾਗਰ ਦੇ ਪਰਲੇ ਪਾਰ,
ਬ੍ਰਿਹੋਂ ਦੇ ਸੇਕ ਵਿਚ ਉਹ
ਨੀਲ ਨਦੀ ਸਿਸਕਦੀ ਹੈ,
ਤੇ ਕੱਢਦੀ ਹੈ ਹਾੜ੍ਹੇ,
ਉਹਨਾਂ ਚੌਫ਼ਾਲ ਪਏ ਰੁੱਖਾਂ ਦੇ,
ਰਾਹ ਦੇਣ ਵਾਸਤੇ!
ਤੇ ਇਧਰ ਮੈਂ...?
ਉਸ ਦਾ ਵਿਛੋੜਾ
ਮੈਥੋਂ ਜ਼ਰਿਆ ਨਹੀਂ ਜਾਂਦਾ!
'ਕੱਲਾ ਦਿਲ ਵਿਰਲਾਪ ਕਰਦਾ ਹੈ!
...ਤੈਨੂੰ ਕੀ ਦੁੱਖ ਐ?
ਉਸ ਨੇ ਮੈਨੂੰ ਪੁੱਛਿਆ,
ਤੇ ਮੈਂ ਉੱਤਰ ਮੋੜਿਆ,
ਮੇਰੀ ਬੁੱਕਲ਼ ਵਿਚ ਵਗ ਰਹੀ ਨਦੀ,
ਹੁਣ ਜ਼ਹਿਰੀਲੀ ਹੋ ਗਈ...!
ਜੋ ਪੱਛਦੀ ਹੈ ਮੇਰਾ ਕਣ-ਕਣ
ਤੇ ਪਲ-ਪਲ ਕਰਦੀ ਹੈ ਮੈਨੂੰ ਜ਼ਿਬਾਹ
ਮਾਨਸਿਕ ਤੌਰ 'ਤੇ'...
...ਤੇ ਉਸ ਨੂੰ ਮੇਰੇ ਨਾਲ਼ੋਂ,
'ਗ਼ੈਰ' ਚੰਗੇ ਲੱਗਣ ਲੱਗ ਪਏ ਨੇ..!
ਮੇਰਾ ਖ਼ੂਨ ਚੂਸ ਕੇ ਉਹ,
ਦੂਜਿਆਂ ਨੂੰ ਪਾਲ਼ਦੀ ਐ..!
ਤਾਂ ਦਰਿਆ ਆਖਣ ਲੱਗਿਆ,
ਤੂੰ ਗਲਤ-ਫ਼ਹਿਮੀ ਦਾ ਸ਼ਿਕਾਰ ਏਂ..!
ਉਹ ਜ਼ਹਿਰੀਲੀ ਨਹੀਂ ਹੋਈ..!
ਜ਼ਹਿਰੀਲੀ ਦਾ ਇਲਾਜ਼ ਹੁੰਦੈ..!
ਉਹ ਕਲ਼ਯੁਗੀ ਬਣ ਗਈ ਏ..!!
...ਤੇ ਉਸ ਦਾ ਕੋਈ ਇਲਾਜ਼ ਨਹੀਂ!!
...........

Wednesday, October 14, 2009

ਦੀਵਾਲੀ -ਸ਼ਿਵਚਰਨ ਜੱਗੀ ਕੁੱਸਾ

    ਦੀਵਾਲੀ   -ਸ਼ਿਵਚਰਨ ਜੱਗੀ ਕੁੱਸਾ



ਕੀ ਦੀਵਾਲੀ ਭੁੱਖਿਆਂ ਦੀ, ਜਿਹੜੇ ਪਾਉਣ ਰੋਟੀ ਦੀਆਂ ਬਾਤਾਂ?
ਸਦਾ ਦੀਵਾਲੀ ਸਾਧ ਦੀ ਮਿੱਤਰਾ, ਰੋਜ ਚੋਰਾਂ ਦੀਆਂ ਰਾਤਾਂ!
ਦੀਵਾਲੀ ਤਾਂ ਅਫ਼ਸਰ ਨੂੰ ਭਾਉਂਦੀ, ਰੋਲਣ ਮੀਟ-ਸ਼ਰਾਬਾਂ
ਅੱਖ ਏਸ 'ਤੇ ਰੱਖਦੇ ਲੀਡਰ, ਵਿਚਰਨ ਵਾਂਗ ਨਵਾਬਾਂ
ਵਿਚ ਜਿਪਸੀਆਂ ਕਾਰਾਂ ਘੁੰਮਦੇ, ਕਦੇ ਚੰਡੀਗੜ੍ਹ-ਦਿੱਲੀ
ਅੱਜ ਉਹ ਬਣੇ ਸੂਰਮੇ ਫਿਰਦੇ, ਮਾਰੀ ਨਾ ਜਿਸ ਬਿੱਲੀ
ਪੰਜਾਬ ਪੁਲਸ ਦੀ ਬਣੀ ਦੀਵਾਲੀ, ਚੂਸਣ ਖ਼ੂਨ ਗ਼ਰੀਬਾਂ ਦਾ
ਭੁੱਖੇ ਮਰਦੇ ਜੱਟ ਪਏ ਆਖਣ, ਬਾਈ ਜੀ ਖੇਡ ਨਸੀਬਾਂ ਦਾ
ਇਕ ਕਿਸਾਨ ਨੇ ਕਰੀ ਖ਼ੁਦਕਸ਼ੀ, ਦੀਪਵਾਲੀ ਪ੍ਰੀਵਾਰ ਨੂੰ ਭੁੱਲੀ
ਜਿਸ ਦੇ ਘਰ ਦਾ ਦੀਪ ਬੁਝ ਗਿਆ, ਰਹੀ ਕੁੱਲੀ ਨਾ ਜੁੱਲੀ
ਕਾਕਾ ਪੜ੍ਹਿਆ ਬੀ. ਏ. ਐੱਮੇਂ, ਖਾਂਦਾ ਫਿਰਦਾ ਧੱਕੇ
ਖਾ ਕੇ ਆਇਓਡੈਕਸ ਜਦ ਪਾੜ੍ਹੀ, ਫਿਰੇ ਛੁਡਾਉਂਦੀ ਛੱਕੇ
ਮਿਲੇ ਤੇਲ ਨਾ ਆਵੇ ਬਿਜਲੀ, ਕਿਵੇਂ ਦੀਵਾਲੀ ਸੁੱਝੇ?
ਬੱਚੇ ਪਲ਼ਦੇ ਦਿਸਦੇ ਨਾਹੀਂ, ਬਾਤ ਕਿਸ ਤਰ੍ਹਾਂ ਬੁੱਝੇ?
ਨਾਸਾਂ ਤੱਕ ਕਰਜ਼ਾਈ ਹੋਇਆ, ਕਿੱਥੋਂ ਲਊ ਮਠਿਆਈ?
ਸਾਰਾ ਟੱਬਰ ਭੁੱਖਾ ਮਰਦਾ, ਕਾਹਦੀ ਨੇਕ ਕਮਾਈ?
ਸੁੱਖਾਂ ਸੁਖ-ਸੁਖ ਲਿਆ ਭੂਜੰਗੀ, ਫਿਰਦਾ ਨੰਗ ਧੜ੍ਹੰਗਾ
'ਕੱਲੇ ਪੁੱਤ ਦੀਆਂ ਰੀਝਾਂ ਕਿੱਥੋਂ, ਕਰੇਂ ਪੂਰੀਆਂ ਨੰਗਾ?
ਸੋਚੀਂ ਪਿਆ ਦਿਨ ਰਾਤ 'ਚ ਬਾਪੂ, ਨਿੱਤ ਤਕਸੀਮਾਂ ਕਰਦਾ
ਸਾਰੀ ਰਾਤ ਪਿਆ ਪਾਸੇ ਪਰਤੇ, ਕਿਵੇਂ ਲਹੂਗਾ ਕਰਜ਼ਾ?
ਦੀਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ, ਟੇਕ-ਚੈਨ ਨਾ ਆਵੇ
ਸੁੱਖੀ-ਲੱਧੇ ਸੋਹਣੇ ਪੁੱਤ ਨੂੰ, ਕੀ ਆਖ ਸਮਝਾਵੇ?
ਮੁੰਡਾ ਆਖੇ ਬਾਪੂ ਸੁਣ ਲੈ, ਸੌ ਦੇ ਲਿਆ ਭੜ੍ਹਾਕੇ
ਜੈਲਦਾਰਾਂ ਦੇ ਕਾਕੇ ਨੇ, ਤਿੰਨ ਸੌ ਦੇ ਪਾਏ ਜੜਾਕੇ!
ਪੁੱਤ ਦੀਆਂ ਰੀਝਾਂ ਪੂਰਨ ਦੇ ਲਈ, ਦਿਲ ਬਾਪੂ ਦਾ ਕਰਦਾ
ਕਿਹੜੇ ਖੂਹ ਵਿਚ ਛਾਲ ਮਾਰ ਕੇ, ਰੱਖਾਂ ਪੁੱਤ ਤੋਂ ਪਰਦਾ?
ਦਿਲ ਬਾਪੂ ਦਾ ਬੜਾ ਦੁਖੀ, ਕਿੰਜ ਪੁੱਤ ਦਾ ਮਨ ਖ਼ੁਸ਼ ਰੱਖਾਂ?
ਪੁੱਤ ਨਿਆਮਤ ਭੋਲ਼ਿਆ ਬੰਦਿਆ, ਮਿਲਦੀ ਨਾ ਵਿਚ ਲੱਖਾਂ!
ਮੰਝਧਾਰ ਵਿਚ ਬਾਪੂ ਫ਼ਸਿਆ, ਦਿਸੇ ਨਾ ਕੋਈ ਕਿਨਾਰਾ
'ਕੱਲੇ ਪੁੱਤ ਨੂੰ ਕਿਹੜੇ ਯੁੱਗ ਦਾ, ਲਾ ਦਿਆਂ ਅੱਜ ਲਾਰਾ?
ਸੋਚਾਂ ਵਿਚ ਪਿਆ ਖੂਹ 'ਤੇ ਪੁੱਜਿਆ, ਦਿਸੇ ਚੁਫ਼ੇਰਾ ਖਾਲੀ
ਖ਼ਾਲੀ ਖ਼ੀਸੇ ਰੁਲ਼ਦਾ ਫਿਰਦਾ, ਭਰੇ ਪੰਜਾਬ ਦਾ ਵਾਲੀ!
ਵਾਰ-ਵਾਰ ਪੁੱਤ ਦਿਲ 'ਤੇ ਚੜ੍ਹਦਾ, ਮੰਗਦਾ ਕੱਢਵੀਂ ਜੁੱਤੀ
ਕੀ ਸਰਕਾਰ ਪੰਜਾਬਾ ਤੇਰੀ, ਘੋੜੇ ਵੇਚ ਕੇ ਸੁੱਤੀ?
ਵੋਟਾਂ ਵੇਲੇ ਪੜੁੱਲ ਤੇ ਗੱਲੀਂ ਆਉਣ ਨ੍ਹੀ ਦਿੰਦੇ ਵਾਰੇ
ਕੀ ਸਰਕਾਰ ਉਏ ਜੱਟਾ ਤੇਰੀ? ਦਿਨੇਂ ਦਿਖਾਤੇ ਤਾਰੇ
'ਕੱਲਾ ਈ ਗੱਲਾਂ ਕਰਦਾ ਫ਼ਿਰਦਾ, ਹੁੰਦੇ ਨੇ ਜਿਵੇਂ ਕਮਲ਼ੇ
ਅੱਜ ਸੁੱਕ ਕੇ ਜੱਟ ਪਿੰਜਰ ਬਣਿਆਂ, ਢਾਹ ਦਿੰਦਾ ਸੀ ਥਮਲ੍ਹੇ
ਕੀ ਮੂੰਹ ਲੈ ਕੇ ਘਰ ਨੂੰ ਜਾਂਵਾਂ? ਕੀ ਮੈਂ ਲਾਊਂ ਬਹਾਨਾ?
ਕਿੱਥੇ ਜਾ ਕੇ ਪਿੱਟਾਂ ਪੁੱਤਰਾ? ਜੇਬ 'ਚ ਹੈਨ੍ਹੀ ਆਨਾ
ਸੇਠ ਤਾਂ ਪਹਿਲਾਂ ਈ ਚਿੜਿਆ ਫ਼ਿਰਦਾ, ਦੱਸ ਹਿਸਾਬ ਪੁਰਾਣਾ
ਆਖੇ ਜਲਦੀ ਮੋੜ ਤਕਾਵੀ, ਨਹੀਂ ਦਿਖਾਊਂ ਠਾਣਾਂ
ਪੁੱਤ, ਖ਼ੁਸ਼ੀਆਂ ਕਿਵੇਂ ਕਰਾਂ ਪੂਰੀਆਂ? ਬਾਪੂ ਤੇਰਾ ਨੰਗਾ
ਕਦੇ ਤੇਲ ਤੇ ਕਦੇ ਤਕਾਵੀ, ਨਿੱਤ ਨਵਾਂ ਕੋਈ ਪੰਗਾ
ਬਾਪੂ ਹੈ ਕਰਜ਼ਾਈ ਤੇਰਾ, ਮਾਫ਼ ਕਰੀਂ ਪੁੱਤ ਮੈਨੂੰ!
'ਕੱਲੇ ਪੁੱਤ ਨੂੰ ਮਸਾਂ ਲਿਆ ਸੀ, ਕੀ ਦੁੱਖ ਦੱਸਾਂ ਤੈਨੂੰ?
ਤੇਰੀ ਰੀਝ ਨਾ ਪੂਰੀ ਕੋਈ, ਕਰ ਸਕਿਆ ਤੇਰਾ ਬਾਪੂ
ਕੀ ਹੈ ਜੱਗ ਜਿਉਣਾਂ ਮੇਰਾ? ਲਾ ਜਾਣਾ ਕੋਈ ਟਾਪੂ!
ਚੰਗਾ ਰੱਬਾ ਸਾਂਭ ਲਵੀਂ ਤੂੰ, ਜੱਟ ਨੂੰ ਜਾਣ ਗਰੀਬ
'ਕੱਲੇ ਪੁੱਤ ਦਾ ਸੁਖ ਨਾ ਦੇਖਿਆ, ਖੋਟੇ ਬੜੇ ਨਸੀਬ
ਐਨੀ ਕਹਿ ਮਜ਼ਬੂਰ ਜੱਟ ਨੇ, ਪੀ ਲਈ ਜ਼ਹਿਰ ਦੁਆਈ
ਸਿਰ ਘੁੰਮਿਆਂ ਤੇ ਦਿਲ ਪਾਟਿਆ, ਭੋਗੀ ਜਿੰਨੀ ਲਿਖ਼ਾਈ
ਚੰਗਾ ਪੁੱਤਰਾ ਜਿਉਂਦਾ ਰਹਿ ਤੂੰ! ਦਿੱਤੀ ਅਸੀਸ ਅਖੀਰੀ
ਦੀਵਾਲੀ ਦੇ ਤੂੰ ਵੀ ਰੰਗ ਮਾਣਦਾ, ਜੇ ਹੁੰਦੀ ਘਰੇ ਅਮੀਰੀ
ਜੱਟ ਦੀ ਪੁੱਤਾ ਜੂਨ ਬੁਰੀ ਉਏ! ਮਰਦਾ-ਮਰਦਾ ਆਖੇ
ਪੁੱਤ ਦੀ ਸੂਰਤ ਦਿਲੋਂ ਨ੍ਹੀ ਲਹਿੰਦੀ, ਜਾਂਦਾ ਕਰੀ ਸਿਆਪੇ
ਕੀ ਦੀਵਾਲੀ ਜੱਟ ਦੀ? ਉਹ ਤਾਂ ਮਰੂ ਜਾਂ ਕਰਜ਼ਾ ਚਾਹੜੂ!
ਜੀਹਦੇ ਘਰ ਦਰਵਾਜੇ ਛੋਟੇ, ਹਾਥੀ ਅੰਦਰ ਵਾੜੂ?
ਭਰੇ ਸਿਸਕੀਆਂ, ਲੈਂਦਾ ਹਾਉਕੇ, ਪੁੱਤ ਨੂੰ ਯਾਦ ਪਿਆ ਕਰਦਾ
ਕੀ ਰੱਬਾ ਇਸ ਜੱਗ 'ਤੇ ਘੱਲਿਆ, ਤੂੰ ਮੈਨੂੰ ਬੇਦਰਦਾ!
ਤੇਰੇ ਘਰ ਇਨਸਾਫ਼ ਹੈਨ੍ਹੀਗਾ, ਨਿੱਤ ਕਾਲ਼ਜਾ ਧੁੱਖੇ
ਇਕ ਪਏ ਆਫ਼ਰ ਕੇ ਖਾਂਦੇ, ਇਕ ਮਰਦੇ ਫਿਰਦੇ ਭੁੱਖੇ
ਕੀ ਦੋਸ਼ੀ-ਨਿਰਦੋਸ਼ੇ, ਇੱਕੋ ਰੱਸੇ ਜਾਂਦੇ ਨਰੜੇ
ਰਾਤ ਦਿਨੇ ਪਏ ਕਰਨ ਕਮਾਈ, ਫਿਰ ਵੀ ਜਾਂਦੇ ਦਰੜੇ
ਇਕਨਾ ਨੂੰ ਕੁਛ ਪਤਾ ਹੀ ਹੈਨੀ, ਕਿੰਨਾਂ ਪੈਸਾ ਕੋਲ਼ੇ?
ਕਈਆਂ ਨੂੰ ਪੰਦਰਾਂ ਕੰਨ ਲਾਏ, ਕੁਝ ਭੱਜੇ ਫਿਰਦੇ ਬੋਲ਼ੇ
ਤੇਰੇ ਘਰ ਇਨਸਾਫ਼ ਜੇ ਹੁੰਦਾ, ਅਸੀਂ ਵੀ ਐਸ਼ਾਂ ਕਰਦੇ
ਜੇ ਤੂੰ ਸਾਡੇ ਵੱਲ ਦਾ ਹੁੰਦਾ, ਅਸੀਂ ਕਿਉਂ ਭੁੱਖੇ ਮਰਦੇ?
ਹਾਏ ਪੁੱਤ-ਹਾਏ ਪੁੱਤਰਾ ਕਹਿੰਦਾ, ਹੋ ਗਿਆ ਬਾਪੂ ਢੇਰੀ
'ਜੱਗੀ' ਨਹੀਂ ਇਨਸਾਫ਼ ਜੱਗ 'ਤੇ, ਝੁਲਦੀ ਭੂਤ-ਹਨ੍ਹੇਰੀ
'ਕੱਲੇ ਪੁੱਤ ਦਾ ਬਾਪ ਮਰ ਗਿਆ, ਕੌਣ ਕਰੂ ਚਾਅ ਪੂਰੇ?
ਕੌਣ ਪੜ੍ਹਾਊ, ਕੌਣ ਲਿਖਾਊ? ਅਜੇ ਤਾਂ ਦਿੱਲੀ ਦੂਰ ਏ!
ਪੁੱਤ ਦੀਆਂ ਖ਼ਾਹਿਸ਼ਾਂ ਦਿਲ ਵਿਚ ਲੈ ਕੇ, ਕਰ ਗਿਆ ਬਾਪ ਚੜ੍ਹਾਈ
'ਕੁੱਸਾ ਪਿੰਡ' ਵਿਚਾਰਾ, ਜਾਂਦਾ ਸਿਰ ਲੇਖਾਂ ਦੇ ਲਾਈ

..................

Tuesday, October 6, 2009

ਜਲਾਵਤਨ -ਅੰਮ੍ਰਿਤਾ ਪ੍ਰੀਤਮ

ਜਲਾਵਤਨ   -ਅੰਮ੍ਰਿਤਾ ਪ੍ਰੀਤਮ
 


ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।

ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ 'ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।


ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।


ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
"ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?"
"ਸੁੰਞ ਸੱਖਣ ਬੜੀ ਹੈ ਪਰ ਤੂੰ......"

ਤ੍ਰਭਕ ਕੇ ਮੈਂ ਆਖਿਆ-
"ਤੂੰ ਜਲਾਵਤਨ......ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!"
... ... ... ... ... ...
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ


..........

Thursday, September 10, 2009

ਤਿੰਨ ਕਵਿਤਾਵਾਂ - ਸੁਖਿੰਦਰ

 ਤਿੰਨ ਕਵਿਤਾਵਾਂ  - ਸੁਖਿੰਦਰ

ਸਥਿਤੀ

ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਤੁਹਾਡੇ ਸਾਹਮਣੇ ਖੜ੍ਹਾ
ਕੋਈ ਵਿਅਕਤੀ, ਇਹ ਦਾਹਵਾ ਕਰ ਰਿਹਾ ਹੋਵੇ
ਕਿ ਉਹ, ਹੁਣ ਤੱਕ
ਪੈਂਹਠ ਤੋਂ ਵੱਧ ਔਰਤਾਂ ਨਾਲ
ਹਮਬਿਸਤਰ ਹੋ ਚੁੱਕਾ ਹੈ
ਪਰ, ਦੂਸਰੇ ਹੀ ਪਲ
ਉਹ, ਕਿਸੇ ਗਿਰਜੇ ਦੇ
ਹੰਢੇ ਵਰਤੇ, ਪਾਦਰੀ ਦੇ ਵਾਂਗ
ਪਰਵਚਨ ਕਰਨਾ ਵੀ ਸ਼ੁਰੂ ਕਰ ਦੇਵੇ-
'ਕਿ ਮਨੁੱਖ ਦਾ ਸਰੀਰ ਤਾਂ
ਰੱਬ ਦੀ ਅਮਾਨਤ ਹੈ
ਇਸ ਨਾਲ ਅਸੀਂ ਕੋਈ
ਛੇੜ, ਛਾੜ ਨਹੀਂ ਕਰ ਸਕਦੇ'


ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਕਾਲੇ ਰੰਗ ਦੀ
ਇੱਕ ਸਟਰਿਪਟੀਜ਼ ਡਾਂਸਰ
ਆਪਣੇ ਹੱਥਾਂ 'ਚ ਬਾਈਬਲ ਨੂੰ ਘੁੱਟਦਿਆਂ
ਆਪਣੀ ਚਮੜੀ ਦੇ ਕਾਲੇ ਰੰਗ ਨੂੰ
ਸਰਵੋਤਮ ਰੰਗ ਕਰਾਰ ਦਿੰਦੀ ਹੋਈ
ਇਹ ਕਹਿ ਰਹੀ ਹੋਵੇ
ਕਿ ਮੈਂ ਸਭ ਤੋਂ ਬੇਹਤਰ
ਚਮੜੀ ਦੇ ਰੰਗ ਦੀ ਹੋਣ ਦੇ ਬਾਵਜ਼ੂਦ
ਸਟਰਿਪਟੀਜ਼ ਕਲੱਬ ਵਿੱਚ
ਦੇਰ ਰਾਤ ਤੱਕ, ਨੰਗਾ ਨਾਚ ਕਰਦਿਆਂ
ਕਦੀ ਇਹ ਨਹੀਂ ਸੋਚਿਆ
ਕਿ ਮੇਰਾ ਨਾਚ ਦੇਖਣ ਆਏ
ਮੇਰੇ ਬਦਨ ਦੀਆਂ ਗੋਲਾਈਆਂ ਦੇ ਪ੍ਰਸੰਸਕ
ਕਿਸ ਰੰਗ ਦੀ ਚਮੜੀ ਵਾਲੇ ਹਨ
ਮੈਂ ਤਾਂ ਹਰ ਕਿਸੀ ਦੇ
ਮੇਜ਼ ਦੁਆਲੇ ਜਾ ਕੇ
ਆਪਣੇ ਜਿਸਮ ਦੇ
ਸੋਹਲ ਅੰਗਾਂ ਦੀ ਭੜਕਾਹਟ
ਇੱਕੋ ਜਿੰਨੀ ਹੀ ਕਰਦੀ ਹਾਂ


ਸਥਿਤੀ, ਉਦੋਂ
ਬੜੀ ਹਾਸੋਹੀਣੀ ਬਣ ਜਾਂਦੀ ਹੈ
ਜਦੋਂ, ਗਿਰਜੇ ਦਾ ਇੱਕ ਪਾਦਰੀ
ਚਿਹਰੇ ਉੱਤੇ ਗੰਭੀਰਤਾ ਲਿਆ
ਕਹਿ ਰਿਹਾ ਹੋਵੇ-
'ਬੱਚਿਆਂ ਨਾਲ ਹਮਬਿਸਤਰ ਹੋਣ ਵਿੱਚ
ਕੀ ਹਰਜ ਹੈ' ?


ਸ਼ਾਇਦ, ਤਾਂ ਹੀ ਤਾਂ
ਅਮਰੀਕਾ ਦੀਆਂ ਹਜ਼ਾਰਾਂ ਅਦਾਲਤਾਂ ਵਿੱਚ
ਬਲਾਤਕਾਰੀ ਪਾਦਰੀਆਂ ਦੇ
ਕਿੱਸੇ, ਨਿਤ ਦਿਨ ਖੁੱਲ੍ਹ ਰਹੇ ਹਨ


ਪਾਦਰੀ, ਜੋ-
ਬੱਚਿਆਂ ਨੂੰ ਜੀਸਸ ਕਰਾਈਸਟ ਦਾ
ਪਰਵਚਨ ਸੁਣਾਂਦੇ, ਸੁਣਾਂਦੇ
ਉਨ੍ਹਾਂ ਲਈ
ਮੌਤ ਦੇ ਫਰਿਸ਼ਤੇ ਬਣ ਗਏ
.......... 


ਪੱਥਰ ਦਾ ਬੁੱਤ

ਜੇਕਰ, ਸ਼ਬਦ ਗੁੰਗੇ ਹੁੰਦੇ
ਤਾਂ ਮੈਂ ਵੀ, ਇੱਕ ਪੱਥਰ ਦਾ
ਬੁੱਤ ਹੋਣਾ ਸੀ-

ਤੁਸੀਂ, ਜਦੋਂ ਵੀ
ਜਿੱਥੇ ਕਿਤੇ ਵੀ
ਮੈਨੂੰ ਰੱਖ ਸਕਦੇ ਸੋ
ਜਾਂ ਰੱਖੇ ਹੋਏ ਨੂੰ
ਪੁੱਟ ਸਕਦੇ ਸੋ

ਪਰ ਮੇਰੇ ਜ਼ਿਹਨ ਵਿੱਚ
ਤਾਂ, ਰੀਂਗਦੇ ਹੋਏ ਸ਼ਬਦ
ਚੁੱਪ ਰਹਿ ਨਹੀਂ ਸਕਦੇ

ਜਦ ਵੀ, ਪ੍ਰਦੂਸ਼ਿਤ ਹਵਾ ਦਾ ਬੁੱਲਾ
ਮੇਰੇ ਬਦਨ ਨਾਲ
ਖਹਿ ਕੇ ਲੰਘਦਾ ਹੈ
ਮੈਂ ਵਿਦਰੋਹ ਵਿੱਚ
ਬੋਲ ਉੱਠਦਾ ਹਾਂ

ਪ੍ਰਦੂਸ਼ਿਤ ਹਵਾ ਦਾ ਇਹ ਬੁੱਲਾ
ਸੜਾਂਦ ਮਾਰਦੀਆਂ
ਸਮਾਂ ਵਿਹਾ ਚੁੱਕੀਆਂ
ਕਦਰਾਂ-ਕੀਮਤਾਂ 'ਚੋਂ
ਉੱਠਿਆ ਹੋਵੇ
ਬੌਣੇ ਹੋ ਚੁੱਕੇ
ਧਾਰਮਿਕ ਰਹੁ-ਰੀਤਾਂ
ਰਿਵਾਜਾਂ 'ਚੋਂ
ਮੁਖੌਟਿਆਂ ਦਾ ਰੂਪ ਧਾਰ ਚੁੱਕੇ
ਦਰਸ਼ਨੀ ਚਿਹਰਿਆਂ ਦੀ
ਧਰਮੀ ਦਿੱਖ 'ਚੋਂ
ਜਾਂ
ਇਹ ਹਵਾ ਦਾ ਬੁੱਲਾ
ਭ੍ਰਿਸ਼ਟ ਰਾਜਨੀਤੀ ਦੀਆਂ
ਭੱਠੀਆਂ 'ਚ ਉਬਲ ਰਹੀ
ਸ਼ਰਾਬ ਦੀ ਮਹਿਕ ਨਾਲ
ਭਿੱਜਿਆ ਹੋਵੇ-

ਇਹ ਜਿਉਂਦੇ ਜਾਗਦੇ
ਸ਼ਬਦ ਮੇਰੇ-
ਮੇਰਾ ਆਪਾ, ਮੇਰੀ ਰੂਹ
ਮੇਰੀ ਆਤਮਾ, ਮੇਰੀ ਆਵਾਜ਼
ਚੁੱਪ ਤਾਂ ਰਹਿ ਸਕਦੇ ਹਨ
ਕੁਝ ਪਲਾਂ ਲਈ
ਪਰ, ਗੁੰਗੇ ਬਣ ਨਹੀਂ ਸਕਦੇ

ਜੇਕਰ, ਸ਼ਬਦ ਗੁੰਗੇ ਹੁੰਦੇ
ਤਾਂ, ਮੈਂ ਵੀ ਇੱਕ ਪੱਥਰ ਦਾ
ਬੁੱਤ ਹੋਣਾ ਸੀ


...........



ਸਮੋਸਾ ਪਾਲਿਟਿਕਸ

ਰਾਜਨੀਤੀ ਨੂੰ ਅਸੀਂ
ਅਖੰਡ ਪਾਠਾਂ, ਸਮੋਸਿਆਂ ਅਤੇ ਔਰਿੰਜ ਜੂਸ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ-

ਸੰਸਦ ਦਾ ਮੈਂਬਰ ਚੁਣੇ ਜਾਣ ਉੱਤੇ
ਅਸੀਂ, ਮਹਿਜ਼, ਇਸ ਕਰਕੇ ਹੀ
ਸੰਸਦ ਭਵਨ ਦੇ ਅੰਦਰ ਜਾਣ ਤੋਂ
ਇਨਕਾਰ ਕਰੀ ਜਾਂਦੇ ਹਾਂ
ਸਾਡੀ ਤਿੰਨ ਫੁੱਟੀ ਤਲਵਾਰ
ਸਾਡੇ ਨਾਲ, ਅੰਦਰ ਜਾਣ ਦੀ
ਇਜਾਜ਼ਤ ਕਿਉਂ ਨਹੀਂ

-ਇਹ ਸਮਝਣ ਤੋਂ ਅਸਮਰੱਥ ਕਿ
ਸੰਸਦ ਵਿੱਚ ਬੋਲਣ ਲਈ
ਜ਼ੁਬਾਨ ਦੀ ਲੋੜ ਪਵੇਗੀ
ਤਲਵਾਰ ਦੀ ਨਹੀਂ

ਮੀਡੀਆ ਦੀ ਆਲੋਚਨਾ ਦਾ
ਨਿਤ ਨਿਸ਼ਾਨਾ ਬਨਣ ਦੇ ਬਾਵਜ਼ੂਦ, ਅਸੀਂ
ਧਾਰਮਿਕ ਕੱਟੜਵਾਦ ਦੇ ਰੰਗਾਂ 'ਚ ਰੰਗੇ
ਫਨੀਅਰ ਸੱਪਾਂ ਵਾਂਗ, ਫਨ ਫੈਲਾ ਕੇ
ਦਹਾੜਨ ਵਿੱਚ ਹੀ
ਫ਼ਖਰ ਮਹਿਸੂਸ ਕਰਦੇ ਹਾਂ

-ਇਹ ਸਮਝਣ ਤੋਂ ਕੋਰੇ ਕਿ
ਅਜੋਕੇ ਸਮਿਆਂ ਵਿੱਚ
ਰਾਜਨੀਤੀਵਾਨ ਬਨਣ ਲਈ
ਪਹਿਲਾਂ ਵਧੀਆ ਮਨੁੱਖ
ਬਨਣਾ ਪਵੇਗਾ

-ਮੂੰਹਾਂ ਵਿੱਚ ਵਿਸ ਘੋਲਦੇ
ਫਨੀਅਰ ਸੱਪ ਨਹੀਂ

ਸਾਡੀ ਚੇਤਨਾ ਵਿੱਚ ਅੰਕਿਤ ਹੋ ਚੁੱਕੀ
ਪ੍ਰਿਯਾ ਨੇਤਾ ਬਨਣ ਦੀ ਪ੍ਰੀਭਾਸ਼ਾ
ਭੰਗ, ਚਰਸ, ਕਰੈਕ, ਕੁਕੇਨ ਦਾ
ਨਾਮੀ ਸਮਗਲਰ ਹੋਣਾ ਹੀ ਹੈ

-ਇਹ ਮਹਿਸੂਸ ਕਰਨ ਤੋਂ ਅਸਮਰੱਥ
ਕਿ ਆਪਣੇ ਅਜਿਹੇ ਕਾਰਨਾਮਿਆਂ ਸਦਕਾ
ਅਸੀਂ ਜਨਸਮੂਹ ਦੀ
ਘੋਰ ਤਬਾਹੀ ਕਰ ਰਹੇ ਹੋਵਾਂਗੇ

ਸਾਡਾ ਵਸ ਚੱਲੇ, ਤਾਂ
ਅਸੀਂ, ਜ਼ਿੰਦਗੀ ਨਾਲ ਸਬੰਧਤ
ਹਰ ਪਹਿਲੂ ਨੂੰ ਹੀ
ਭ੍ਰਿਸ਼ਟ ਰਾਜਨੀਤੀ ਦੀ
ਚਾਸ਼ਨੀ ਵਿੱਚ ਡਬੋ ਕੇ
ਸੱਪਾਂ ਦੀਆਂ ਖੁੱਡਾਂ
ਮਗਰਮੱਛਾਂ ਦੇ ਜੁਬਾੜਿਆਂ
ਰੰਡੀਆਂ ਦੇ ਚੁਬਾਰਿਆਂ
ਡਰੱਗ ਸਮਗਲਰਾਂ ਦੇ ਅੱਡਿਆਂ
ਬਲਾਤਕਾਰੀ ਬਾਬਿਆਂ ਦੇ ਡੇਰਿਆਂ
ਵਿੱਚ ਤਬਦੀਲ ਕਰ ਦੇਈਏ

ਕਿੰਨਾ ਕੁਝ ਬਦਲ ਗਿਆ ਹੈ
ਪਰਾ-ਆਧੁਨਿਕ ਸਮਿਆਂ ਵਿੱਚ

ਰਾਜਨੀਤੀ ਦੇ ਸੰਕਲਪ ਨੂੰ
ਅਸੀਂ, ਕਿਸ ਹੱਦ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ


............

Sunday, September 6, 2009

ਮੇਰੇ ਮਨ ਦੇ ਚਿੱਟੇ ਸਫ਼ੇ 'ਤੇ -ਨਿੱਕੀ ਸਿੰਘ (ਅਮਰੀਕਾ)

  ਮੇਰੇ ਮਨ ਦੇ ਚਿੱਟੇ ਸਫ਼ੇ 'ਤੇ  -ਨਿੱਕੀ ਸਿੰਘ (ਅਮਰੀਕਾ)


ਮੇਰੇ ਮਨ ਦੇ ਚਿੱਟੇ ਸਫ਼ੇ 'ਤੇ,
ਤੇਰੀ ਵੇਦਨਾ ਦੀ ਪਰਛਾਈਂ
ਇੰਞ ਲੱਗੇ ਜਿਵੇਂ ਪੀੜ ਕੋਈ ਅੰਮਾਂ ਜਾਈ
ਮੈਂ ਆਪਣੇ ਤਨ 'ਤੇ ਅੱਗ ਵਾਂਗ ਹੰਢਾਈ

ਤੇਰਾ ਮਿਲਣਾ ਉਮਰਾਂ ਦੇ ਅੱਧ ਵਿਚਕਾਰ
ਜਿਉਂ ਹੋਵੇ ਦੁਪਿਹਰਾ ਰਾਤ ਤੇ ਦਿਨ ਦੇ ਵਿਚਕਾਰ
ਕੁਝ ਅਰਮਾਨ ਅਧੂਰੇ ਕੁਝ ਪੂਰੇ ਕਰਨ ਦਾ ਪ੍ਰਣ
ਕੁਝ ਸਮਿਆਂ ਦਾ ਲੰਮਾ ਪੰਧ ਜਾਂ ਫੇਰ
ਕੁਝ ਪਲਾਂ 'ਚ ਜ਼ਿੰ
ਦਗੀ ਜਿਉਣ ਦੀ ਜੁੱਰਅ

ਕੁਝ ਤੇਰੇ ਪਿਆਰ ਦੀ ਨਾਕਾਮੀ
ਕੁਝ ਮੇਰੇ ਹੱਥੋਂ ਵਕਤ ਦਾ ਰੇਤ ਵਾਂਗ ਕਿਰਨਾ
ਹੈ ਤਾਂ ਕੁਝ ਸਾਂਝਾ ਤੇਰੇ ਨਾਲ,
ਐ ਜ਼ਿੰ
ਦਗੀ ਦੇ ਹਮਸਫ਼ਰ!

ਕੁਝ ਤੇਰੇ ਦੁੱਖ ਕੁਝ ਮੇਰਾ ਗ਼ਮ
ਜਿੰਦਗੀ ਦੇ ਚੱਕਰਵਿਊ ਵਿਚ ਫ਼ਸੇ ਅਭਿਮੰ
ਨਿਊ ਵਾਂਗ
ਨਾਲ ਲੈ ਮਰਨਗੇ ਇੱਕ-ਇੱਕ ਕਰਕੇ
ਲੱਖਾਂ ਹੀ ਵੈਰੀਆਂ ਦੇ ਚਾਹੇ ਕੱਟੀਏ ਸਿਰ

ਹੈ ਮੌਤ ਵਾਂਗਰ ਯਕੀਨ
ਇਹ ਸਫ਼ਰ ਹੋ ਜਾਵੇਗਾ ਸਹਿਣਯੋਗ
ਅਗਰ ਇਸ ਵਿੱਚ ਪੈ ਜਾਣ ਤੇਰੀਆਂ ਪੈੜਾਂ
ਤੇਰੇ ਮੋਹ ਭਿੱਜੇ ਅਲਫ਼ਾਜ਼ ਕਰ ਹੀ ਦੇਣਗੇ ਮੈਨੂੰ ਛਾਂ
ਮੇਰਾ ਵੀ ਹਰ ਪਲ ਲਿਖ਼ਦਿਆਂ ਤੇਰੇ ਨਾਂਅ
ਆਖੇ ਤੂੰ ਜੇ ਕਰ !

.........

ਸੋਚ ਦਾ ਸਫ਼ਰ -ਬਲਜਿੰਦਰ ਬੁੱਟਰ

ਸੋਚ ਦਾ ਸਫ਼ਰ   -ਬਲਜਿੰਦਰ ਬੁੱਟਰ


ਦਿਨੇਂ ਸੋਚ ਲੱਗੀ ਰਹਿੰਦੀ ਹੈ
ਕਿ ਰਾਤ ਨੂੰ ਗੱਲ ਕਰਾਂਗੇ ਸੱਜਣ ਨਾਲ
ਤੇ ਸਾਂਝੀ ਕਰਾਂਗੇ ਮਨ ਦੀ ਬਿਰਤੀ
ਫ਼ਰੋਲਾਂਗੇ ਦਿਲ ਦੀ ਪ੍ਰੀਤ ਦੇ ਪੰਨੇ
ਤੇ ਲਾਵਾਂਗੇ ਪ੍ਰੇਮ-ਯੋਗ ਦੀ ਕਲਾਸ
ਇਸ ਤਰ੍ਹਾਂ ਦੀ ਉਧੇੜ-ਬੁਣ ਵਿਚ
ਦਿਨ ਗੁਜ਼ਰ ਜਾਂਦਾ ਹੈ...!
...ਤੇ ਜਦ ਰਾਤ ਆਉਂਦੀ ਹੈ
ਤਾਂ ਸੋਚਦੇ ਹਾਂ...
ਕਿੰਨੀ ਸ਼ਾਂਤ ਅਵਸਥਾ ਵਿਚ
ਸੁੱਤਾ ਹੈ ਮਾਹੀ
ਜੇ ਬਾਤ ਪਾਈ...
ਜਾਨੀ ਦੀ ਨੀਂਦ ਵਿਚ ਵਿਘਨ ਪਵੇਗਾ
ਰਾਤ ਬਤੀਤ ਕਰ ਲਈਦੀ ਹੈ,
ਉਸ ਦੀਆਂ ਯਾਦਾਂ ਵਿਚ ਪਿਸਦਿਆਂ
ਕਿ ਮੀਤ ਨੂੰ ਵਿਸ਼ਰਾਮ ਦੀ ਜ਼ਰੂਰਤ ਹੈ...
ਇਸ ਜ਼ਿਹਨ-ਚੱਕਰ ਵਿਚ
ਜ਼ਿੰਦਗੀ ਦੇ ਪਲ ਘਟ ਰਹੇ ਨੇ।
ਇਸ ਉਡੀਕ ਵਿਚ
ਮੋਹ-ਪ੍ਰੇਮ ਦੇ ਤੰਦ ਪੱਕ ਰਹੇ ਨੇ।
ਕਿਸੇ ਦਿਨ.....
ਇਸ ਤਰ੍ਹਾਂ 'ਹਾਂ' ਜਾਂ 'ਨਾਂਹ' ਦੇ
ਵਿਚਾਰਾਂ 'ਚ ਉਲਝਿਆਂ ਹੀ
ਇਸ ਵਜੂਦ ਨੂੰ
'ਅਲਵਿਦਾ' ਆਖ ਜਾਣਾ
ਮੋਹ ਦੇ ਪੰਛੀਆਂ ਨੇ...!
ਜਾਨੀ ਨੂੰ ਤਾਂ ਖ਼ਬਰ ਵੀ ਨਹੀਂ ਹੋਣੀ
ਕਿ ਉਸ ਨੂੰ, ਉਸ ਤੋਂ ਵੀ ਵੱਧ
ਚਾਹੁੰਣ ਵਾਲ਼ਿਆਂ ਨੇ
ਇਸ ਫ਼ਾਨੀ ਸੰਸਾਰ ਨੂੰ
ਸਿਜਦਾ ਕਰ
'ਗ਼ੁਲਾਮੀ' ਤੋਂ 'ਨਿਜਾਤ' ਪਾ ਲਈ...?
......

ਦਿਲ ਨੂੰ ਲਾਰਾ -ਬਲਜਿੰਦਰ ਬੁੱਟਰ

ਦਿਲ ਨੂੰ ਲਾਰਾ   -ਬਲਜਿੰਦਰ ਬੁੱਟਰ

ਦਿਨ ਤਾਂ....
ਦਿਲ ਨੂੰ ਲਾਰਾ ਲਾ ਕੇ ਨਿਕਲ਼ ਜਾਂਦਾ ਹੈ ਸੱਜਣਾਂ
ਪਰ....
ਰਾਤ ਵੇਲ਼ੇ ਦਿਲ ਨੂੰ ਕਿਸ ਲਾਰੇ ਲਾਵਾਂ?
ਅੱਗੇ ਤਾਂ...
'ਗੁੱਡ ਨਾਈਟ' ਅਤੇ 'ਬਾਏ' ਆਸਰੇ
ਸੌਂ ਜਾਂਦੀ ਸੀ
..ਤੇ ਕੱਟ ਲੈਂਦੀ ਸੀ, ਪਾਸੇ ਪਰਤਦਿਆਂ
ਪਹਾੜ ਜਿੱਡੀ ਰਾਤ
ਪਰ ਹੁਣ....
ਕਿਹੜਾ ਆਸਰਾ
ਤੇ ਕਿੱਥੋਂ ਤਲਾਸ਼ ਲਿਆਵਾਂ?
ਸਮਝ ਨਹੀਂ ਆਉਂਦੀ...
ਪਾਗਲ ਦਿਲ ਨੂੰ ਮੇਰੇ ਸੱਜਣਾਂ
ਕਿ....
ਜਾਂ ਝੂਠੀ ਉਡੀਕ ਸਹਾਰੇ ਹੀ
ਜਿਉਂਦੀ ਜਾਂਵਾਂ..?
........

Saturday, September 5, 2009

ਆਜ਼ਾਦੀ -ਜਸਪ੍ਰੀਤ ਕੌਰ ਚੀਮਾ

ਜ਼ਾਦੀ   -ਜਸਪ੍ਰੀਤ ਕੌਰ ਚੀਮਾ

ਜ਼ਾਦੀ ,
ਉਹ ਤਾਂ ਸੰਸਦ ਭਵਨ ਦੇ ਨੁਮਾਇਸ਼ੀ ਹਾਲ ਵਿੱਚ
ਗੂੜ੍ਹੇ ਪਰਦਿਆਂ ਪਿੱਛੇ
ਕਿਤੇ ਲੁਕ ਕੇ ਰਹਿ ਗਈ ਹੈ.....
ਜੇ ਚਾਹੁੰਦੇ ਹੋ ਤੁਸੀ ਆਜ਼ਾ
ਦੀ ਬਾਰੇ ਜਾਨਣਾ,
ਤਾਂ ਪੁੱਛੋ ,
ਉਸ ਮਾਸੂਮ ਬੱਚੇ ਨੂੰ,
ਜਿਸਨੇ ਖੇ
ਡਣ ਦੀ ਉਮਰੇ, ਜਿਸ ਨੇ ਪੜ੍ਹਣ ਦੀ ਉਮਰੇ,
ਕਿਸੇ ਢਾਬੇ ਵਿੱਚ ਮਾਂਜੇ ਹਨ ਜੂਠੇ ਭਾਂਡੇ।
ਜੇ ਜਾਨਣਾ ਚਾਹੁੰਦੇ ਹੋ ਸੱਚ ਆ
ਜ਼ਾਦੀ ਬਾਰੇ ,
ਤਾਂ ਪੁੱਛੋ ,
ਉਸ ਪਿਆਰੀ ਨੰਨ੍ਹੀ ਜਾਨ ਨੂੰ,
ਜਿਸ ਨੂੰ ਰੋਂਦੀ ਵਿਲਕਦੀ ਨੂੰ ਛੱਡ,
ਉਸ ਦੀ ਮਾਂ ਤੁਰ ਗਈ ਸੀ, ਭੱਠੇ 'ਤੇ ਇੱਟਾਂ ਚੁੱਕਣ!
ਜਾਂ ਫਿਰ ...
ਜਾ ਪੁੱਛੋ ,
ਜਿਸ ਦੇ ਜੰਮਦਿਆਂ ਹੀ ਖੋਹ ਲਿਆ ਬਚਪਨ ਉਸ ਦਾ,
ਜਵਾਨੀ ਵਿੱਚ ਪੈਰ ਧਰਦਿਆਂ ਹੀ ਲੁੱਟ ਖਾ
ਧਾ ਲੁਟੇਰਿਆਂ,
ਤੇ ਅੱਜ 'ਮੌਤ' ਵੀ ਜਿਸ ਤੋਂ ਚਾਰ ਕਦਮ ਦੂਰ ਖ
ਲੋ ਗਈ ਹੈ।
ਜੇ ਅਜੇ ਵੀ,
ਹੋਰ ਜਾਨਣਾ ਚਾਹੁੰਦੇ ਹੋ
ਜ਼ਾਦੀ ਦੇ ਅਰਥਾਂ ਬਾਰੇ,
ਤਾਂ ਗੱਲ ਕਰਕੇ ਵੇਖੋ ਉਸ ਬਜ਼ੁਰਗ ਨਾਲ,
ਜਿਸ ਜਵਾਨੀ ਤੋਂ ਬੁਢਾਪੇ ਤੱਕ , ਕੇਵਲ,
ਇੱਕ ਕੱਪੜਾ ਹੀ ਤਨ 'ਤੇ ਹੰਢਾਇਆ ਹੋਵੇ,
ਇੱਕ ਡੰਗ ਦੀ ਰੋਟੀ ਲਈ ਜਿਸ ਨੂੰ ਅੱਡਣੇ ਪਏ,
ਹੱਥ ਆਪਣੇ ਕਮਾਊ
ਪੁੱਤ ਅੱਗੇ!
ਜਾਂ ਪੁੱਛੋ,
ਜ਼ਾਦੀ ਬਾਰੇ ਹਰ ਉਸ ਇਨਸਾਨ ਨੂੰ,
ਜਿਸ
ਨੇ ਗ਼ੁਲਾਮੀ ਦੇ ਪਲ ਹੰਢਾਏ ਆਪਣੇ ਤਨ 'ਤੇ,
ਤੇ ਜਿਹੜੇ ਅਜੇ ਵੀ ਜਿਓਂ ਰਹੇ ਨੇ ਵਿੱਚ ਗ਼ੁ
ਲਾਮੀ ਦੇ
ਜ਼ਾਦੀ, ਆਜ਼ਾਦੀ, ਆਜ਼ਾਦੀ,
ਹਰ ਪਾਸੇ ਆਵਾਜ਼ ਤਾਂ ਇਹੋ ਗੂੰਜਦੀ ਹੈ,
ਪਰ ਅਜੇ ਵੀ ਵਕਤ ਲੱਗੇਗਾ,
ਸਹੀ ਆ
ਜ਼ਾਦੀ ਦੇ ਸਾਡੀਆਂ ਬਰੂਹਾਂ 'ਤੇ ਢੁੱਕਣ ਵਿੱਚ!
.........................